ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 20 ਅਕਤੂਬਰ 2020 - ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰੇ ਹੀ ਸੰਸਾਰ ਵਿੱਚ ਹਰ ਵਰਗ, ਉਮਰ ਅਤੇ ਥਾਵਾਂ ਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਤੰਦਰੁਸਤ ਵਿਅਕਤੀ ਵੀ ਇਸ ਬਿਮਾਰੀ ਕਰਕੇ ਅਚਾਨਕ ਹੀ ਮੌਤ ਦੀ ਗੋਦ ਵਿੱਚ ਜਾ ਚੁੱਕੇ ਹਨ। ਅਜਿਹੀ ਹੀ ਇੱਕ ਘਟਨਾ ਜੁਲਾਈ ਮਹੀਨੇ ਵਿੱਚ ਅਮਰੀਕਾ ਵਿੱਚ ਵਾਪਰੀ ਹੈ ਜਿੱਥੇ ਇੱਕ ਔਰਤ ਦੀ ਜ਼ਹਾਜ ਉੱਡਣ ਦਾ ਇੰਤਜ਼ਾਰ ਕਰਦੀ ਹੋਈ ਦੀ ਵਾਇਰਸ ਕਰਕੇ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਡੱਲਾਸ ਕਾਊਂਟੀ ਦੇ ਅਧਿਕਾਰੀਆਂ ਅਤੇ ਐਨ ਬੀ ਸੀ ਡੀ ਐਫ ਡਬਲਯੂ ਨੇ ਦੱਸਿਆ ਕਿ ਟੈਕਸਾਸ ਦੀ ਇਕ ਔਰਤ (30) ਦੀ ਜੁਲਾਈ ਵਿੱਚ ਐਰੀਜ਼ੋਨਾ ਤੋਂ ਟੈਕਸਸ ਜਾ ਰਹੀ ਉਡਾਣ ਦੌਰਾਨ ਮੌਤ ਹੋ ਗਈ ਸੀ। ਉਹ ਡੱਲਾਸ ਕਾਊਂਟੀ ਦੇ ਇੱਕ ਉਪਨਗਰ ਗਾਰਲੈਂਡ ਵਿੱਚ ਰਹਿੰਦੀ ਸੀ। ਐਨ ਬੀ ਸੀ ਡੀ ਐਫ ਡਬਲਯੂ ਨੇ ਇਹ ਵੀ ਦੱਸਿਆ ਕਿ ਔਰਤ ਜਿਸਦੀ ਕਾਉਂਟੀ ਨੇ ਪਰਾਈਵੇਸੀ ਕਾਰਨਾਂ ਕਰਕੇ ਪਛਾਣ ਨਹੀਂ ਦੱਸੀ ਹੈ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ ਅਤੇ ਉਸਨੂੰ ਆਕਸੀਜਨ ਵੀ ਦਿੱਤੀ ਗਈ ਸੀ। ਜਦਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਔਰਤ ਕਿਸ ਏਅਰ ਲਾਈਨ ਵਿੱਚ ਯਾਤਰਾ ਕਰ ਰਹੀ ਸੀ।
ਇਸਦੇ ਨਾਲ ਹੀ ਡੱਲਾਸ ਕਾਊਂਟੀ ਅਨੁਸਾਰ ਇੱਥੇ ਕੋਵਿਡ -19 ਦੇ ਲਗਭੱਗ 90,000 ਮਾਮਲੇ ਸਾਹਮਣੇ ਆਏ ਹਨ ਅਤੇ 1,085 ਮੌਤਾਂ ਵੀ ਹੋ ਚੁੱਕੀਆਂ ਹਨ।