← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 20 ਅਕਤੂਬਰ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਸਮੀਖਿਆ ਲਈ ਵਿਭਾਗ ਮੁੱਖੀਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕ ਮਸਲਿਆਂ ਦੇ ਹੱਲ ਲਈ ਨਿੱਜੀ ਰੂਚੀ ਲੈ ਕੇ ਕੰਮ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਸਕੀਮ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਬਿਨਾ ਦੇਰੀ ਪੁੱਜੇ। ਉਨਾਂ ਨੇ ਕਿਹਾ ਕਿ ਕਿਸੇ ਵੀ ਪੱਧਰ ਤੇ ਲੋਕ ਸੇਵਾ ਦੇ ਕੰਮਾਂ ਵਿਚ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਵਿਕਾਸ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕਰਦਿਆਂ ਉੁਨਾਂ ਨੇ ਨਿਰਦੇਸ਼ ਦਿੱਤੇ ਕਿ ਸਮਾਰਟ ਵਿਲੇਜ਼ ਸਕੀਮ ਤਹਿਤ ਸ਼ੁਰੂ ਕੀਤੇ ਜਾਣ ਵਾਲੇ ਸਾਰੇ ਪ੍ਰੋਜੈਕਟ ਬਿਨਾਂ ਦੇਰੀ ਸ਼ੁਰੂ ਕਰਕੇ ਮੁਕੰਮਲ ਕੀਤੇ ਜਾਣ। ਇਸ ਤੋਂ ਬਿਨਾਂ ਪਹਿਲਾਂ ਤੋਂ ਜਾਰੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਵਾਏ ਜਾਣ। ਬੈਠਕ ਦੌਰਾਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਵਿਚ 24617 ਲਾਭਪਾਤਰੀਆਂ ਨੂੰ ਟੁਆਲਿਟ ਬਣਾ ਕੇ ਦਿੱਤੀਆਂ ਗਈਆਂ ਹਨ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਵਿਚ 7175 ਅਪੰਗ ਵਿਅਕਤੀਆਂ ਨੂੰ ਯੁ.ਆਈ.ਡੀ. ਕਾਰਡ ਜਾਰੀ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਬਕਾਇਆ ਲੋਕਾਂ ਦੇ ਵੀ ਕਾਰਡ ਜਲਦ ਬਣਾ ਕੇ ਜਾਰੀ ਕੀਤੇ ਜਾਣ। ਫਾਜਿਲਕਾ ਦੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਅਵਾਸ ਯੋਜਨਾ ਤਹਿਤ 165 ਲੋਕਾਂ ਨੂੰ ਘਰ ਬਣਾਉਣ ਲਈ 146 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸੇ ਤਰਾਂ ਅਰਨੀਵਾਲਾ ਵਿਚ 84 ਘਰਾਂ ਲਈ 74.04 ਲੱਖ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹੁਣ ਸਕੂਲ ਖੁੱਲਣ ਤੋਂ ਬਾਅਦ ਬਾਲ ਸਿਹਤ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਲਈ ਕਿਹਾ। ਸਿਵਲ ਸਰਜਨ ਡਾ: ਕੁੰਦਨ ਕੇ ਪਾਲ ਨੇ ਦੱਸਿਆ ਕਿ ਪਿੱਛਲੇ 6 ਮਹੀਨਿਆਂ ਵਿਚ ਖਾਣ ਪੀਣ ਦੀਆਂ ਵਸਤਾਂ ਦੇ 34 ਨਮੂਨੇ ਲਏ ਗਏ ਸਨ ਜਿੰਨਾਂ ਵਿਚੋਂ 4 ਫੇਲ ਹੋਏ ਹਨ ਜਿੰਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰਾਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਦੇ ਲੋਕਾਂ ਦਾ 8.65 ਕਰੋੜ ਰੁਪਏ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਜ ਵਿਕਾਸ ਸ੍ਰੀ ਨਵਲ ਕੁਮਾਰ, ਸਹਾਇਕ ਕਮਿਸਨਰ ਜਨਰਲ ਸ: ਕੰਵਰਜੀਤ ਸਿੰਘ ਵੀ ਹਾਜਰ ਸਨ।
Total Responses : 189