ਹਰਜਿੰਦਰ ਸਿੰਘ ਭੱਟੀ
- ਨਿਰਮਾਣ ਵਿੱਚ 121 ਕਰੋੜ ਰੁਪਏ ਦੀ ਆਵੇਗੀ ਲਾਗਤ
ਐਸ.ਏ.ਐਸ ਨਗਰ, 20 ਅਕਤੂਬਰ 2020- ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ 200 ਫੁੱਟ ਚੌੜੀ ਪੀ.ਆਰ 7 ਸੜਕ ਦੇ ਵਿਸਥਾਰ ਦੇ ਕੰਮ ਦਾ ਨੀਂਹ ਪੱਥਰ ਅੱਜ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਆਈ.ਏ.ਐੱਸ. ਵਲੋਂ ਰੱਖਿਆ ਗਿਆ। ਪਹਿਲਾਂ ਇਹ ਨੀਂਹ ਪੱਥਰ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਰੱਖਿਆ ਜਾਣਾ ਸੀ ਪਰ ਉਹ ਵਿਧਾਨ ਸਭਾ ਇਜਲਾਸ ਦੇ ਪਹੁੰਚ ਨਹੀਂ ਸਕੇ। ਸੜਕ ਦਾ ਵਿਸਥਾਰ ਸੈਕਟਰ 120/125 (ਐੱਨ.ਐੱਚ. 5), ਸਨੀ ਐਨਕਲੇਵ ਨੂੰ ਵੰਡਦੀ ਸੜਕ ਤੋਂ ਸ਼ੁਰੂ ਹੋ ਕੇ ਨਿਊ ਚੰਡੀਗੜ੍ਹ ਵਿਖੇ ਪੀਆਰ-4 ਸੜਕ ਤੱਕ ਹੈ।
ਸੜਕ ਦੇ ਨਿਰਮਾਣ ਦੇ ਕੰਮ ਲਈ 121 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ ਅਤੇ ਇਸ ਵਿਚ ਸਿਹਤ, ਸਿਵਲ ਅਤੇ ਇਲੈਕਟ੍ਰੀਕਲ ਸੇਵਾਵਾਂ ਦੀ ਵਿਵਸਥਾ ਸ਼ਾਮਲ ਹੈ। ਉਸਾਰੀ ਦਾ ਕੰਮ ਅਗਲੇ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। 8.8 ਕਿਲੋਮੀਟਰ (8 ਮਾਰਗੀ) ਸੜਕ ਦੇ ਨਿਰਮਾਣ ਵਿੱਚ ਇੱਕ ਸੜਕ ਪੁਲੀ, ਇੱਕ ਉੱਚ ਪੱਧਰੀ ਪੁਲ, ਪਾਣੀ ਦੀ ਨਿਕਾਸ ਦਾ ਪ੍ਰਬੰਧ ਅਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਹੈ। ਪੀ.ਆਰ. 7 ਸੜਕ ਦੇ ਇਸ ਹਿੱਸੇ ਦੀ ਉਸਾਰੀ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਮੁਹਾਲੀ ਤੋਂ ਨਿਊ ਚੰਡੀਗੜ੍ਹ ਟਾਊਨ ਨੂੰ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ। ਇਸ ਨਾਲ ਚੰਡੀਗੜ੍ਹ ਵਿਚ ਆਵਾਜਾਈ ਵੀ ਘੱਟ ਹੋਵੇਗੀ ਕਿਉਂਕਿ ਨਿਊ ਚੰਡੀਗੜ੍ਹ ਨੂੰ ਜਾਣ ਵਾਲੇ ਯਾਤਰੀ ਹਵਾਈ ਅੱਡੇ ਤੋਂ ਇਸ ਨਵੀਂ ਸੜਕ ਰਾਹੀਂ ਜਾ ਸਕਣਗੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪਵੇਗੀ।
ਸੜਕ ਦੇ ਵਿਸਥਾਰ ਨਾਲ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿਚਲੀ ਦੂਰੀ ਵੀ ਘਟੇਗੀ ਅਤੇ ਦੋਵਾਂ ਟਾਊਨਜ਼ ਵੱਲ ਆਉਣ-ਜਾਣ ਲਈ 15-20 ਮਿੰਟ ਦੀ ਬਚਤ ਹੋਣ ਦੀ ਆਸ ਹੈ। ਇਸ ਸੜਕ ਦੇ ਨਿਰਮਾਣ ਨਾਲ ਅੰਬਾਲਾ ਅਤੇ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਬਿਨਾਂ ਹੀ ਰੋਪੜ ਅਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਕਸਬੇ ਤੱਕ ਸਿੱਧਾ ਰਸਤਾ ਮਿਲ ਜਾਵੇਗਾ ਅਤੇ ਇਹ ਯਾਤਰੀ ਜ਼ੀਰਕਪੁਰ ਤੋਂ ਇਨ੍ਹਾਂ ਥਾਵਾਂ ਤੱਕ ਸਿੱਧੀ ਸੜਕ ਰਾਹੀਂ ਪਹੰੁਚ ਸਕਣਗੇ। ਇਹ ਸੜਕ ਪਿੰਡ ਸੈਨੀ ਮਾਜਰਾ, ਥਸਕਾ, ਹਸਨਪੁਰ ਅਤੇ ਪਲਹੇੜੀ ਤੋਂ ਲੰਘੇਗੀ ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਵੀ ਵਿਕਾਸ ਦੀ ਰਫਤਾਰ ਤੇਜ਼ ਹੋਵੇਗੀ। ਨੀਂਹ ਪੱਥਰ ਰੱਖਣ ਦੀ ਰਸਮ ਦੌਰਾਨ ਹਾਜ਼ਰ ਪਤਵੰਤਿਆਂ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐੱਸ, ਗਮਾਡਾ ਦੇ ਮੁੱਖ ਇੰਜੀਨੀਅਰ ਸ੍ਰੀ ਦਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ।