ਅਸ਼ੋਕ ਵਰਮਾ
ਬਠਿੰਡਾ, 20 ਅਕਤੂਬਰ 2020 - ਬਠਿੰਡਾ ਪੁਲਿਸ ਦੇ ਸੀ.ਆਈ.ਏ.ਸਟਾਫ (ਟੂ) ਨੇ ਬੈਂਕ ਅਤੇ ਏਟੀਐਮ ਲੁੱਟਣ ਵਾਲੇ ਗਿਰੋਹ ਦੀ ਨਿਸ਼ਾਨਦੇਹੀ ਤੇ ਫੂਲ ਨਹਿਰ ਚੋਂ ਲੁੱਟੀ ਏਟੀਐਮ ਦਾ ਕੁੱਝ ਸਮਾਨ ਬਰਾਮਦ ਕੀਤਾ ਹੈ। ਗਿਰੋਹ ਦੇ ਮੈਂਬਰਾਂ ਨੇ ਪੁਲਿਸ ਕੋਲ ਮੰਨਿਆ ਸੀ ਕਿ ਉਨਾਂ ਨੇ ਇੱਕ ਲੈਪਟਾਮ ਅਤੇ ਏਟੀਐਮ ਨੂੰ ਨਹਿਰ ’ਚ ਸੁੱਟ ਦਿੱਤਾ ਸੀ। ਪੁਲਿਸ ਕੋਲ ਇਹ ਗਿਰੋਹ 4 ਦਿਨ ਦੇ ਰਿਮਾਂਡ ਤੇ ਚੱਲ ਰਿਹਾ ਹੈ। ਜਾਂਚ ਅਧਿਕਾਰੀਆਂ ਨੂੰ ਅਗਲੇ ਦਿਨਾਂ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ। ਬਠਿੰਡਾ ਅਤੇ ਆਸਪਾਸ ਦੇ ਜਿਲਿਆਂ ’ਚ ਏਟੀਐਮ ਲੁੱਟਣ ਜਾਂ ਲੁੱਟ ਦੀ ਕੋਸ਼ਿਸ਼ ਦੀਆਂ ਕਈ ਵਾਰਦਾਤਾਂ ਹੋਈਆਂ ਸਨ। ਪੁਲਿਸ ਨੇ ਸਮੁੱਚਾ ਧਿਆਨ ਇਸ ਮਾਮਲੇ ਵੱਲ ਦਿੱਤਾ ਹੋਇਆ ਹੈ। ਪੁਲਿਸ ਅਧਿਕਾਰੀ ਮੰਨਦੇ ਹਨ ਕਿ ਇਹ ਸੀਆਈਏ ਸਟਾਫ ਨੂੰ ਮਿਲੀ ਵੱਡੀ ਸਫਲਤਾ ਹੈ।
ਦੱਸਣਯੋਗ ਹੈ ਕਿ ਸੀ.ਆਈ.ਏ.ਸਟਾਫ (ਟੂ) ਨੇ ਬੈਂਕ ਅਤੇ ਏਟੀਐਮ ਲੁੱਟਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਕਰਮਚੰਦ ਉਰਫ ਕੰਨੂ ਪੁੱਤਰ ਮਥਰਾ ਦਾਸ ਤੇ ਅਲੀਸ਼ੇਰ ਉਰਫ ਅਲੀ ਪੁੱਤਰ ਰਮਜਾਨ ਖਾਨ ਵਾਸੀਅਨ ਦਿਆਲਪੁਰਾ ਮਿਰਜਾ,ਜੁਗਰਾਜ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਆਕਲੀਆ ਜਲਾਲ ਅਤੇ ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਇਕਬਾਲ ਸਿੰਘ ਵਾਸੀ ਕਲਿਆਣ ਨੂੰ ਗਿ੍ਰਫਤਾਰ ਕੀਤਾ ਸੀ। ਥਾਣਾ ਦਿਆਲਪੁਰਾ ਪੁਲਿਸ ਨੇ ਇਸ ਸਬੰਧ ’ਚ 399,402,411 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਮੁਲਜਮਾਂ ਨੇ ਮੁਢਲੀ ਪੁੱਛਗਿਛ ਦੌਰਾਨ ਬਠਿੰਡਾ ਅਤੇ ਮੁਕਤਸਰ ’ਚ ਛੇ ਵਾਰਦਾਤਾਂ ਮੰਨੀਆਂ ਹਨ ਜਿੰਨਾਂ ਦੇ ਅਧਾਰ ਤੇ ਪੁਲਿਸ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਇਸ ਗਿਰੋਹ ਕੋਲੋਂ ਪਿਸਤੌਲ 315 ਬੋਰ ਤੇ ਦੋ ਕਾਰਤੂਸ, ਲੁੱਟ ਦੇ ਡੇਢ ਲੱਖ ਰੁਪਏ,ਏਅਰ ਪਿਸਟਲ ,ਕਾਪਾ ,ਘੋਪ ,ਕਿਰਪਾਨ ,ਸੱਬਲ,ਸਕਾਰਪੀਓ ਗੱਡੀ,ਹੌਡਾ ਸਿਟੀ ਕਾਰ ਤੇ ਡਬਲ ਪਾਈਪ ਵਾਲਾ ਗੈਸ ਕਟਰ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਗਿਰੋਹ ਬੈਂਕ ਅਤੇ ਏਟੀਐਮ ਲੁੱਟਣ ਦੀ ਤਿਆਰੀ ਕਰ ਰਿਹਾ ਸੀ ਤਾਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦਬੋਚ ਲਿਆ। ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ। ਸੀ.ਆਈ.ਏ.ਸਟਾਫ (ਟੂ) ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਮੁਲਜਮਾਂ ਕੋਲੋਂ ਪੁੱਛ ਪੜਤਾਲ ਦੇ ਅਧਾਰ ਤੇ ਨਹਿਰ ਚੋਂ ਕੁੱਝ ਸਮਾਨ ਮਿਲਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਹੋਰ ਤੱਥ ਵੀ ਸਾਹਮਣੇ ਆਉਣ ਦੀ ਸੰਭਾਵਨਾਂ ਹੈ।