ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020: ਅਮਰੀਕਾ ਵਿੱਚ ਇਸ ਵੇਲੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਅਹੁਦੇ ਦੇ ਉਮੀਦਵਾਰ ਚੋਣ ਮੁਹਿੰਮਾਂ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ। ਇਹਨਾਂ ਮੁਹਿੰਮਾਂ ਦੌਰਾਨ ਇਸ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਬਹਿਸ ਹੋਣਾ ਵੀ ਇੱਕ ਮਹੱਤਵਪੂਰਨ ਭਾਗ ਹੈ। ਕਈ ਬਾਰ ਬਹਿਸ ਦੌਰਾਨ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ ਜਿਸ ਕਰਕੇ ਇਹ ਪ੍ਰਕਿਰਿਆ ਸਫਲ ਨਹੀਂ ਹੁੰਦੀ। ਪਰ ਹੁਣ ਰਾਸ਼ਟਰਪਤੀ ਦੇ ਬਹਿਸਾਂ ਬਾਰੇ ਕਮਿਸ਼ਨ ਨੇ ਇਕ ਫੈਸਲੇ ਵਿਚ ਐਲਾਨ ਕੀਤਾ ਹੈ ਕਿ ਇਸ ਵਾਰ ਦੇ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਰਾਤ ਨੂੰ ਦੂਜੀ ਅਤੇ ਅੰਤਮ ਰਾਸ਼ਟਰਪਤੀ ਬਹਿਸ ਦੇ ਕੁਝ ਹਿੱਸਿਆਂ ਦੌਰਾਨ ਆਪਣੇ ਮਾਈਕ੍ਰੋਫੋਨ ਬੰਦ ਕਰਾਉਣਗੇ। ਇਹ ਫੈਸਲਾ ਨਿਯਮਾਂ ਵਿੱਚ ਤਬਦੀਲੀਆਂ ਬਾਰੇ ਵਿਚਾਰ ਵਟਾਂਦਰੇ ਲਈ ਕਮਿਸ਼ਨ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ। ਕਮਿਸ਼ਨ ਅਨੁਸਾਰ ਇਹਨਾਂ ਤਬਦੀਲੀਆਂ ਦੀ ਜ਼ਰੂਰਤ ਸੀ ਕਿਉਂਕਿ ਬਿਡੇਨ ਅਤੇ ਟਰੰਪ ਵਿਚਲੀ ਪਹਿਲੀ ਬਹਿਸ ਹਫੜਾ-ਦਫੜੀ ਵਿਚ ਬਦਲ ਗਈ ਸੀ ਜਿਸ ਵਿੱਚ ਰਾਸ਼ਟਰਪਤੀ ਦੁਆਰਾ ਸਾਬਕਾ ਉਪ ਰਾਸ਼ਟਰਪਤੀ ਦੀ ਗੱਲ ਵਿੱਚ ਵਿਘਨ ਪਾਇਆ ਗਿਆ ਸੀ।
ਕਮਿਸ਼ਨ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਮਾਈਕ੍ਰੋਫੋਨਾਂ ਨੂੰ ਮਿਊਟ ਕਰਨ ਦੇ ਫੈਸਲੇ ਵਿੱਚ ਇਸਦੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਨਵੇਂ ਨਿਯਮ ਤਹਿਤ ਬਹਿਸ ਦੇ ਛੇ ਭਾਗਾਂ ਵਿਚੋਂ ਹਰੇਕ ਦੀ ਸ਼ੁਰੂਆਤ ਵਿਚ, ਹਰੇਕ ਉਮੀਦਵਾਰ ਨੂੰ ਸ਼ੁਰੂਆਤੀ ਪ੍ਰਸ਼ਨ ਦਾ ਉੱਤਰ ਦੇਣ ਲਈ ਦੋ ਮਿੰਟ ਦਿੱਤੇ ਜਾਣਗੇ ਅਤੇ ਉਸ ਹਿੱਸੇ ਦੌਰਾਨ ਵਿਰੋਧੀ ਉਮੀਦਵਾਰ ਦਾ ਮਾਈਕ੍ਰੋਫੋਨ ਮਿਊਟ ਕਰ ਦਿੱਤਾ ਜਾਵੇਗਾ। ਬਹਿਸ ਕਮਿਸ਼ਨ ਨੇ ਇਸ ਫੈਸਲੇ ਬਾਰੇ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਕੋਲੋਂ ਸਹਿਯੋਗ ਦੀ ਉਮੀਦ ਕੀਤੀ ਹੈ।