ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2020 : ਪੁਲਿਸ ਸ਼ਹੀਦੀ ਦਿਵਸ ਹਰ ਸਾਲ ਸਾਡੇ ਅੱਲੇ ਜਖਮ ਕੁਰੇਦ ਜਾਂਦਾ ਹੈ। ਫੱਟ ਡੂੰਘੇ ਅਤੇ ਕਦੇ ਵੀ ਨਾ ਭਰਨ ਵਾਲੇ ਹਨ। ਕੁਦਰਤ ਭਾਵੇਂ ਕੱਲ ਨੂੰ ਕੁਝ ਵੀ ਦੇ ਦੇਵੇ ਪਰ ਸਦਾ ਲਈ ਵਿੱਛੜ ਗਿਆਂ ਦੀ ਘਾਟ ਤਾਂ ਹਮੇਸ਼ਾ ਹੀ ਰੜਕਦੀ ਰਹੇਗੀ। ਇਹ ਦਰਦ ਉਨਾਂ ਪਰਿਵਾਰਾਂ ਦਾ ਹੈ ਜਿਹਨਾਂ ਦੇ ਆਪਣੇ ਪੰਜਾਬ ਨੂੰ ਕਾਲੇ ਦਿਨਾਂ ਚੋਂ ਕੱਢਣ ਲਈ ਸ਼ਹੀਦ ਹੋ ਗਏ ਸਨ। ਹੁਣ ਪਿੱਛੇ ਪਰਿਵਾਰਾਂ ਕੋਲ ਸਿਰਫ ਯਾਦਾਂ ਤੇ ਤਸਵੀਰਾਂ ਹੀ ਬਚੀਆਂ ਹਨ। ਅੱਜ ਅੱਤਵਾਦ ਦੇ ਸਮੇਂ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਦਾ ਸ਼ਹਾਦਤ ਦਿਹਾੜਾ ਸੀ। ਪੁਲਿਸ ਟੈਕਨੀਕਲ ਸੈਲ ਦੇ ਏ.ਐਸ.ਆਈ ਭੁਪਿੰਦਰ ਸਿੰਘ ਦੀਆਂ ਅੱਜ ਅੱਖਾਂ ਸਿਲ੍ਹੀਆਂ ਅਤੇ ਪਿਤਾ ਦੀ ਸ਼ਹੀਦੀ ਤੇ ਮਾਣ ਹੈ ਜੋ ਉਸਦੇ ਚਿਹਰੇ ਤੇ ਸਾਫ ਦਿਖ ਰਿਹਾ ਸੀ। ਭੁਪਿੰਦਰ ਸਿੰਘ ਅਜੇ 7 ਕੁ ਸਾਲ ਦਾ ਸੀ ਜਦੋਂ 10 ਅਪਰੈਲ 1991 ਨੂੰ ਉਸ ਦੇ ਪਿਤਾ ਸਿਪਾਹੀ ਹਰਗੋਬਿੰਦ ਸਿੰਘ ਨੂੰ ਅੱਤਵਾਦੀ ਧਿਰਾਂ ਨੇ ਗੋਲੀ ਮਾਰ ਦਿੱਤੀ ਸੀ।
ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹੌਲਦਾਰ ਸੁਰਜੀਤ ਸਿੰਘ 4 ਮਈ 1984 ਨੂੰ ਅੱਤਵਾਦੀਆਂ ਨਾਲ ਮੁਕਾਬਲਾ ਕਰਦਾ ਸ਼ਹੀਦ ਹੋ ਗਿਆ। ਉਹ ਏਨੀ ਬਹਾਦਰੀ ਨਾਲ ਲੜਿਆ ਕਿ ਉਸ ਦੇ ਪ੍ਰੀਵਾਰ ਨੂੰ ‘ਰਾਸ਼ਟਰਪਤੀ ਗੈਲੰਟਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀ ਸ਼ਹੀਦੀ ਸਮੇਂ ਉਸ ਦਾ ਇਕਲੌਤਾ ਲੜਕਾ ਸਾਢੇ ਚਾਰ ਸਾਲ ਦਾ ਸੀ। ਹੁਣ ਇਹ ਲੜਕਾ ਮੋਹਨਦੀਪ ਸਿੰਘ ਪੁਲਿਸ ਦਾ ਏਐਸਆਈ ਹੈ। ਉਸ ਦਾ ਕਹਿਣਾ ਸੀ ਕਿ 36 ਸਾਲ ਹੋ ਗਏ ਪਾਪਾ ਕਹਿਣ ਨੂੰ ਹੀ ਤਰਸ ਗਏ ਹਾਂ। ਉਨਾਂ ਦੱਸਿਆ ਕਿ ਉਸ ਨੇ ਤਾਂ ਆਪਣੇ ਪਿਤਾ ਦੀ ਤਸਵੀਰ ਵੱਡੀ ਕਰਾਕੇ ਘਰ ਲਾਈ ਹੋਈ ਹੈ। ਪੁਲਿਸ ’ਚ ਸੇਵਾ ਨਿਭਾ ਰਹੇ ਦੋਵੇਂ ਸਹਾਇਕ ਥਾਣੇਦਾਰ ਆਖਦੇ ਹਨ ਕਿ ਅੰਤਮ ਸਾਹ ਤੱਕ ਪਿਤਾ ਦੀ ਕਮੀ ਰੜਕਦੀ ਰਹੇਗੀ।
ਪਿੰਡ ਜਿਉਂਦ ਦੀ ਲੜਕੀ ਪ੍ਰਭਜੋਤ ਕੌਰ ਕੋਲ ਪਾਪਾ ਦੀ ਤਸਵੀਰ ਹੀ ਬਚੀ ਹੈ। ਉਹ ਨਾ ਬੋਲ ਸਕਦੀ ਹੈ ਤੇ ਨਾ ਸੁਣ ਸਕਦੀ ਹੈ। ਜਨਮ ਤੋਂ ਪਹਿਲਾਂ ਉਸ ਦਾ ਪਿਤਾ ਸ਼ਹੀਦ ਹੋ ਗਿਆ। ਉਹ ਆਪਣੇ ਪਿਤਾ ਨੂੰ ਵੀ ਨਾ ਦੇਖ ਸਕੀ। ਉਪਰੋਂ ਕੁਦਰਤ ਨੇ ਮਾਰ ਪਾ ਦਿੱਤੀ ਕਿ ਉਹ ਜਨਮ ਤੋਂ ਹੀ ਗੂੰਗੀ ਤੇ ਬੋਲੀ ਹੈ। ਜਦੋਂ ਯਾਦ ਆਉਂਦੀ ਹੈ ਤਾਂ ਪਾਪਾ ਦੀ ਤਸਵੀਰ ਦੇਖ ਲੈਂਦੀ ਹੈ। ਪਿੰਡ ਜਿਉਂਦ ਦਾ ਹੋਮਗਾਰਡ ਜਵਾਨ ਜਸਪਾਲ ਸਿੰਘ ਅੱਤਵਾਦ ਸਮੇਂ 12 ਅਪਰੈਲ 1992 ਨੂੰ ਸ਼ਹੀਦ ਹੋ ਗਿਆ ਸੀ। ਉਸ ਦੀ ਸ਼ਹੀਦੀ ਮਗਰੋਂ ਦੁੱਖਾਂ ਦਾ ਭਾਰ ਉਸ ਦੀ ਵਿਧਵਾ ਨੇ ਝੱਲਿਆ ਜਿਸ ਨੂੰ ਬਲੱਡ ਕੈਂਸਰ ਹੈ। ਪਹਿਲਾਂ ਉਸ ਦਾ ਸਹੁਰਾ ਵੀ ਕੈਂਸਰ ਕਾਰਨ ਮੌਤ ਦੇ ਮੂੰਹ ਜਾ ਪਿਆ ਅਤੇ ਸੱਸ ਦਾ ਚੂਲਾ ਟੁੱਟ ਗਿਆ ਸੀ। ਸ਼ਹੀਦੀ ਦਿਵਸ ਪ੍ਰੀਵਾਰ ਦੇ ਹਰ ਸਾਲ ਜਖਮ ਹਰੇ ਕਰ ਜਾਂਦਾ ਹੈ।
ਘੰਡਾ ਬੰਨਾ ਦੇ ਸੁਖਦੇਵ ਸਿੰਘ ਦੇ ਪ੍ਰੀਵਾਰ ਨੂੰ 20 ਫਰਵਰੀ 1991 ਦਾ ਉਹ ਮਨਹੂਸ ਦਿਨ ਨਹੀਂ ਭੁੱਲਦਾ ਜਦੋਂ ਉਸ ਦਾ ਜਵਾਨ ਪੁੱਤ ਜਰਨੈਲ ਸਿੰਘ ਅੱਤਵਾਦ ਖਿਲਾਫ ਲੜਾਈ ’ਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਜਰਨੈਲ ਸਿੰਘ ਪੰਜਾਬ ਪੁਲਿਸ ’ਚ ਸਿਪਾਹੀ ਸੀ ਜੋ ਬੰਬ ਧਮਾਕੇ ’ਚ ਮਾਰਿਆ ਗਿਆ ਸੀ। ਸ਼ਹੀਦੀ ਦਿਵਸ ਸਮਾਗਮ ਦੀ ਆਮਦ ਪ੍ਰੀਵਾਰ ਨੂੰ ਰੁਆ ਜਾਂਦੀ ਹੈ। ਪਿੰਡ ਮਹਿਰਾਜ ਦੇ ਗੁਰਪ੍ਰੀਤ ਸਿੰਘ ਨੂੰ ਸ਼ਹੀਦੀ ਯਾਦਗਰ ਦਿਵਸ ਪੁਰਾਣੇ ਦਿਨ ਚੇਤੇ ਕਰਵਾ ਦਿੰਦਾ ਹੈ ਉਸ ਦਾ ਪਿਤਾ ਏਐਸਆਈ ਮੁਖਤਿਆਰ ਸਿੰਘ 31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਸਿਵਲ ਸਕੱਤਰੇਤ ’ਚ ਹੋਏ ਬੰਬ ਧਮਾਕੇ ’ਚ ਮਾਰਿਆ ਗਿਆ ਸੀ। ਇਸੇ ਤਰਾਂ ਵਿਧਵਾ ਪ੍ਰਕਾਸ਼ ਕੌਰ ਦਾ ਪਤੀ 1992 ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਚਕੇਰੀਆ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਇਸੇ ਮੁਕਾਬਲੇ ’ਚ ਮਰੇ ਅਮਰਜੀਤ ਸਿੰਘ ਦੀ ਵਿਧਵਾ ਜਗਮੋਹਨਜੀਤ ਕੌਰ ਦੇ ਦੁੱਖਾਂ ਦੀ ਕਹਾਣੀ ਵੀ ਵੱਖਰੀ ਨਹੀਂ ਹੈ।
ਭਰ ਜੁਆਨੀ ’ਚ ਵਿਧਵਾ ਹੋਈ ਜਸਵਿੰਦਰ ਕੌਰ ਬਠਿੰਡਾ ਦਾ ਦੁੱਖ ਵੀ ਕਿਸੇ ਤੋਂ ਘੱਟ ਨਹੀਂ ਹੈ। ਅਜੇ ਵਿਆਹ ਨੂੰ ਪੌਣੇ 2 ਸਾਲ ਹੀ ਹੋਏ ਸੀ ਕਿ ਪਤੀ ਹੋਮਗਾਰਡ ਜਤਿੰਦਰ ਸਿੰਘ 8 ਨਵੰਬਰ 1997 ਨੂੰ ਲਹਿਰਾ ਖਾਨਾ ਨੇੜੇ ਅੱਤਵਾਦੀਆਂ ਵੱਲੋਂ ਰੇਲ ਗੱਡੀ ’ਚ ਕੀਤੇ ਬੰਬ ਧਮਾਕੇ ’ਚ ਮਾਰਿਆ ਗਿਆ। ਇਸ ਵਿਧਵਾ ਦੇ ਪੱਲੇ ਪਤੀ ਦੀ ਯਾਦ ਅਤੇ ਹੌਕੇ ਤੇ ਹਾਵੇ ਹਨ ਜਿਹਨਾਂ ਸਹਾਰੇ ਹੀ ਜਿੰਦਗੀ ਗੁਜ਼ਾਰਨੀ ਪੈ ਰਹੀ ਹੈ। ਰਾਜਗੜ ਕੁੱਬੇ ਦੇ ਮੁਖਤਿਆਰ ਸਿੰਘ ਦੀ ਵਿਧਵਾ ਧੀ ਨਿਰਪਾਲ ਕੌਰ ਵੀ ਅੱਤਵਾਦ ਦਾ ਦਰਦ ਹੰਢਾ ਰਹੀ ਹੈ । ਨਿਰਪਾਲ ਕੌਰ ਦਾ ਪਤੀ 31 ਅਗਸਤ 1991 ਨੂੰ ਮਾਨਸਾ ਕੈਂਚੀਆਂ ਤੇ ਹਮਲੇ ’ਚ ਮਾਰਿਆ ਗਿਆ ਸੀ। ਮੰਡੀ ਕਲਾਂ ਦੀ ਗੁਰਮੀਤ ਕੌਰ ਨੂੰ ਵੀ ਕਾਲੇ ਦਿਨ ਖਾ ਗਏ। ਇਸੇ ਤਰਾਂ ਦਰਜ਼ਨਾਂ ਹੋਰ ਪ੍ਰੀਵਾਰ ਵੀ ਸਨ ਜਿਹਨਾਂ ਨੂੰ ਅੱਜ ਵੀ ਵਿਛੋੜੇ ਦੀ ਚੀਸ ਨੇ ਦਰਦ ਦਿੱਤਾ ਹੈ।
ਸ਼ਹੀਦਾਂ ਦੇ ਪਰਿਵਾਰਾਂ ਲਈ ਬੂਹੇ ਖੁੱਲ੍ਹੇ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਉਨਾਂ ਦੀ ਕੁਰਬਾਨੀ ਲਾਸਾਨੀ ਹੈ। ਉਹਨਾਂ ਕਿਹਾ ਕਿ ਬਠਿੰਡਾ ਪੁਲਿਸ ਦੇ ਬੂਹੇ ਸ਼ਹੀਦਾਂ ਦੇ ਪ੍ਰੀਵਾਰਾਂ ਲਈ ਹਮੇਸ਼ਾ ਖੁੱਲੇ ਹਨ ਅਤੇ ਕਿਸੇ ਵੀ ਪ੍ਰੀਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।