ਹਰਜਿੰਦਰ ਸਿੰਘ ਭੱਟੀ
- ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਨਾਕਾਬੰਦੀ ਦੌਰਾਨ 01 ਨੌਜਵਾਨ ਨੁੰ ਕੀਤਾ ਕਾਬੂ
- 200 ਗ੍ਰਾਮ ਗਾਂਜਾ, ਮਾਰੂ ਹਥਿਆਰ ਅਤੇ ਮੋਬਾਇਲ ਫੋਨ ਕੀਤੇ ਬ੍ਰਾਮਦ
- ਕਾਬੂ ਕੀਤੇ ਨੌਜਵਾਨ ਦੀ ਪੁੱਛਗਿੱਛ ਤੇ ਉਸ ਦੇ 3 ਸਾਥੀ ਹੋਰ ਕੀਤੇ ਗ੍ਰਿਫਤਾਰ
- ਅਸਲਾ, ਚੋਰੀ ਕੀਤੀਆਂ ਗੱਡੀਆਂ ਅਤੇ ਹੋਰ ਸਮਾਨ ਬ੍ਰਾਮਦ
ਐਸ.ਏ.ਐਸ ਨਗਰ, 21 ਅਕਤੂਬਰ 2020 - ਪੁਲਿਸ ਪਾਰਟੀ ਵੱਲੋਂ ਰੇਲਵੇ ਸਟੇਸ਼ਨ ਰੋਡ ਤੇ ਟੀ-ਪੁਆਇੰਟ ਇੰਡੀਸਟ੍ਰੀਅਲ ਏਰੀਆ ਫੇਜ਼-9 ਐਸ.ਏ.ਐਸ ਨਗਰ ਵਿਖੇ ਨਾਕਾਬੰਦੀ ਦੌਰਾਨ ਰੇਲਵੇ ਸਟੇਸ਼ਨ ਵਾਲੇ ਪਾਸੇ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਉਸ ਦੀ ਚੈਕਿੰਗ ਕਰਨ ਤੇ ਉਸ ਦੇ ਬੈਗ ਵਿੱਚੋ 200 ਗ੍ਰਾਮ ਗਾਂਜਾ, ਖਾਲੀ ਪੋਲੀਥਿਨ ਦੀਆਂ ਲਿਫਾਫੀਆਂ ਦੀ ਗੱਥੀ ,2 ਖੰਜਰ , ਹੈਂਡ ਮੈਟਲ ਕੱਟਰ,4 ਮੋਬਾਇਲ ਫੋਨ ਅਤੇ ਤਿੰਨ ਚਾਬੀਆਂ ਬ੍ਰਾਮਦ ਹੋਈਆਂ।
ਇਹ ਜਾਣਕਾਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਲਿਸ ਕਮੇਟੀ ਰੂਮ ਚ ਸੱਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ. (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਸਾਗਰ ਪੁੱਤਰ ਸਤਵੀਰ (ਯੂ.ਪੀ) ਦੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤੇ ਉਸ ਦੇ ਸਾਥੀ ਕਿਸ਼ਨ ਉਰਫ ਟੈਂਪੂ ਪੁੱਤਰ ਸੁਖਰਾਮ (ਚੰਡੀਗੜ੍ਹ) ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਅਤੇ ਉਸ ਪਾਸੋਂ ਚੋਰੀ ਦਾ ਇਕ ਮੋਟਰ ਸਾਇਕਲ ਨੰਬਰ ਪੀਬੀ-65 ਏਐਮ-3016 ਅਤੇ 13 ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ।
ਐਸ.ਪੀ. (ਸਿਟੀ) ਸ. ਵਿਰਕ ਨੇ ਦੱਸਿਆ ਕਿ ਇਨ੍ਹਾਂ ਦੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਗਿਰੋਹ ਦੇ ਦੋ ਹੋਰ ਸਾਥੀ ਰਾਹੁਲ ਕੁਮਾਰ ਪੁੱਤਰ ਵਿਸ਼ਨੂੰ (ਲਾਲੜੂ ਮੰਡੀ) ਅਤੇ ਸੁਖਮਾਨ ਸਿੰਘ ਉਰਫ ਨਾਜਰ ਪੁੱਤਰ ਜਸਵੰਤ ਸਿੰਘ (ਲਾਲੜੂ) ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਪਾਸੋ ਚੋਰੀ ਸ਼ੁਦਾ ਦੋ ਗੱਡੀਆਂ ਮਾਰਕਾ ਜੈਨ ਅਤੇ ਅਲਟੋ, 2 ਮੋਟਰ ਸਾਇਕਲ ਬੁਲਟ ਅਤੇ ਸਪਲੈਂਡਰ, ਇਕ ਲੈਪਟਾਪ, 2 ਐਲਸੀਡੀ, ਇਕ ਪਿਸਟਲ ਦੇਸੀ 315 ਬੋਰ ,ਜਿੰਦਾ ਰਾਂਦ ਬ੍ਰਾਮਦ ਕੀਤੇ ਗਏ । ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।