ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆਂ),21 ਅਕਤੂਬਰ 2020: ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰੀ ਦੁਨੀਆਂ ਤੇ ਆਪਣਾ ਪ੍ਰਕੋਪ ਢਾਹਿਆ ਹੈ। ਅਮਰੀਕਾ ਵਿੱਚ ਵੀ ਲੱਖਾਂ ਹੀ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਬਿਮਾਰੀ ਕੰਟਰੋਲ ਅਤੇ ਰੋਕਥਾਮ ਸੈਂਟਰ( ਸੀ ਡੀ ਸੀ) ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਯੂਨਾਈਟਿਡ ਸਟੇਟ ਵਿਚ ਲਗਭਗ 299,000 ਹੋਰ ਲੋਕ ਆਮ ਫਲੂ ਸੀਜ਼ਨ ਨਾਲੋਂ ਜ਼ਿਆਦਾ ਮਾਰੇ ਗਏ ਹਨ । ਇਨ੍ਹਾਂ ਵਿਚੋਂ ਦੋ ਤਿਹਾਈ ਕੋਵਿਡ -19 ਅਤੇ ਬਾਕੀ ਦੇ ਹੋਰ ਕਾਰਨਾਂ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਸੀ ਡੀ ਸੀ ਅਨੁਸਾਰ ਵਾਇਰਸ ਨੇ ਜ਼ਿਆਦਾਤਰ 25 ਤੋਂ 44 ਸਾਲ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਦੀ ਮੌਤ ਦਰ ਪਿਛਲੇ ਸਾਲਾਂ ਨਾਲੋਂ 26.5 ਪ੍ਰਤੀਸ਼ਤ ਵੱਧ ਹੈ। ਸੀ.ਡੀ.ਸੀ. ਦੇ ਇਹ ਅੰਕੜੇ 1 ਫਰਵਰੀ ਤੋਂ 3 ਅਕਤੂਬਰ ਤੱਕ ਹਨ। ਇਸ ਵਾਇਰਸ ਦੀ ਲਾਗ ਕਰਕੇ ਮੌਤਾਂ ਦੀ ਗਿਣਤੀ ਸਾਲ ਦੇ ਅੰਤ ਤਕ 400,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਵਾਸ਼ਿੰਗਟਨ ਪੋਸਟ ਅਤੇ ਯੇਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਇਹਨਾਂ ਮੌਤਾਂ ਦੇ ਦੋ ਮੁੱਖ ਕਾਰਨ ਵੀ ਦੱਸੇ ਹਨ। ਜ਼ਿਆਦਾਤਰ ਲੋਕ ਕੋਵਿਡ -19 ਦੀ ਲਾਗ ਕਰਕੇ ਮਰੇ ਹਨ ਜਦਕਿ ਕਈ ਹੋਰ ਘਰਾਂ ਜਾਂ ਨਰਸਿੰਗ ਹੋਮਾਂ ਵਿੱਚ ਦਿਲ ਦੇ ਦੌਰੇ, ਸ਼ੂਗਰ, ਸਟ੍ਰੋਕ ਅਤੇ ਅਲਜ਼ਾਈਮਰ ਆਦਿ ਬਿਮਾਰੀਆਂ ਕਰਕੇ ਵੀ ਜਾਨ ਗਵਾ ਬੈਠੇ ਹਨ।