ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 22 ਅਕਤੂਬਰ 2020 : ਬੁੱਧਵਾਰ ਰਾਤ ਮੋਗਾ ਤੋਂ ਕਾਂਗਰਸੀ ਵਿਧਾਇਕ ਡਾ:ਹਰਜੋਤ ਕਮਲ ਅਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨਾਲ ਸੜਕ ਹਾਦਸਾ ਵਾਪਰ ਗਿਆ। ਜਿਸ 'ਚ ਦੋਹਾਂ ਨੂੰ ਗੰਭੀਰ ਹਾਲਤ 'ਚ ਮੋਗਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ।
ਜਾਣਕਾਰੀ ਮੁਤਾਬਕ ਦੋਹਾਂ ਨਾਲ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਉਹ ਚੰਡੀਗੜ੍ਹ ਤੋਂ ਮੋਗਾ ਜਾ ਰਹੇ ਸੀ। ਖਮਾਣੋਂ ਨਜ਼ਦੀਕ ਗਲਤ ਸਾਈਡ ਤੋਂ ਆ ਰਹੀ ਸਕਾਰਪਿਓ ਗੱਡੀ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਟੱਕਰ ਇਨੀਂ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰਾਂ ਚਕਨਾਚੂਰ ਹੋ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀਆਂ ਤਾਕੀਆਂ ਤੋੜ ਕੇ ਵਿਧਾਇਕ ਡਾ: ਹਰਜੋਤ ਕਮਲ, ਚੇਅਰਮੈਨ ਵਿਨੋਦ ਬਾਂਸਲ ਅਤੇ ਗੱਡੀ ਦੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਡਾਕਟਰਾਂ ਦੇ ਦੱਸਣ ਮੁਤਾਬਕ ਵਿਧਾਇਕ ਡਾ: ਹਰਜੋਤ ਕਮਲ ਦੇ ਚੂਲੇ ’ਤੇ ਗੰਭੀਰ ਸੱਟ ਹੈ ਜਿਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਜਦਕਿ ਚੇਅਰਮੈਨ ਵਿਨੋਦ ਬਾਂਸਲ ਦੀ ਇਕ ਬਾਂਹ ਅਤੇ ਇਕ ਲੱਤ ’ਤੇ ਫਰੈਕਚਰ ਹੈ ਜਿਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਫਿਲਹਾਲ ਦੋਹਾਂ ਦੀ ਹਾਲਤ ਸਥਿਰ ਹੈ। ਹਾਦਸੇ ਦੀ ਖ਼ਬਰ ਪਤਾ ਲੱਗਦਿਆਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਨੇ।
ਬਾਬੂਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ ਨੇ ਡਾ ਹਰਜੋਤ ਕਮਲ ਤੇ ਉਨ੍ਹਾਂ ਦੇ ਨਾਲ ਹਾਦਸੇ ਦਾ ਸ਼ਿਕਾਰ ਹੋਏ ਮੈਂਬਰਾਂ ਦੀ ਜਲਦ ਸਿਹਤਯਾਬੀ ਲਈ ਕਾਮਨਾ ਕੀਤੀ ਹੈ।