ਹਰਦਮ ਮਾਨ
ਸਰੀ, 23 ਅਕਤੂਬਰ 2020 - ਬੀਸੀ ਲਿਬਰਲ ਲੀਡਰ ਐਂਡਰਿਊ ਵਿਲਕਿਨਸਨ ਨੇ ਅੱਜ ਸਰੀ ਪੈਨੋਰਮਾ ਤੋਂ ਲਿਬਰਲ ਉਮੀਦਵਾਰ ਡਾ. ਗੁਲਜ਼ਾਰ ਸਿੰਘ ਚੀਮਾ ਦੀ ਚੋਣ ਮੁਹਿੰਮ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਮਾਰੀ ਦੇ ਸਕੰਟ ਵਿਚ ਚੋਣਾਂ ਕਰਵਾਉਣ ਲਈ ਐਨ ਡੀ ਪੀ ਲੀਡਰ ਜੌਹਨ ਹੌਰਗਨ ਦਾ ਸਿਰਫ ਨਿੱਜੀ ਸਵਾਰਥ ਹੈ ਪਰ ਹੌਰਗਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਬੀਸੀ ਦੇ ਲੋਕ ਉਸ ਦੀ ਨਿੱਜੀ ਸੰਪਤੀ ਨਹੀਂ ਹਨ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਪਹਿਲਾਂ ਕੀਤੇ ਵਾਅਦੇ ਮੁੜ ਦੁਹਰਾਉਂਦਿਆਂ ਸਰੀ ਲਈ ਨਵਾਂ ਹਸਪਤਾਲ ਅਤੇ ਮੈਸੀ ਟਨਲ ਦੀ ਥਾਂ ਓਵਰ ਬ੍ਰਿਜ ਬਣਾਉਣ ਦਾ ਵਿਸ਼ੇਸ਼ ਜ਼ਿਕਰ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਆਈ ਸੀ ਬੀ ਸੀ ਦੀਆਂ ਬੀਮਾ ਦਰਾਂ, ਟੈਕਸੀ ਇੰਡਸਟਰੀ ਲਈ ਬਰਾਬਰ ਮੌਕੇ ਤੇ ਵਿਵਹਾਰ, ਮੈਡੀਕਲ ਸੇਵਾਵਾਂ ਸਮੇਤ ਵੱਖ ਵੱਖ ਸਵਾਲਾਂ ਦੇ ਜਵਾਬ ਉਨ੍ਹਾਂ ਦਿੱਤੇ।
ਇਸੇ ਦੌਰਾਨ ਡਾ. ਗੁਲਜ਼ਾਰ ਚੀਮਾ ਨੇ ਕਿਹਾ ਹੈ ਕਿ ਐਨ ਡੀ ਪੀ ਝੂਠੇ ਲਾਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਦੋਂ ਕਿ ਲਿਬਰਲ ਦਾ ਲੋਕਾਂ ਨਾਲ ਵਾਅਦਾ ਹੈ ਕਿ ਉਹ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੈਸੀ ਟਨਲ ਉਪਰ ਨਵਾਂ ਬ੍ਰਿਜ ਬਣਾਉਣ, ਲੋਕਾਂ ਨੂੰ ਸਸਤੀ ਇੰਸੋਰੈਂਸ ਮੁਹੱਈਆ ਕਰਵਾਉਣ ਲਈ ਆਈ ਸੀ ਬੀ ਸੀ ਦਾ ਇਜ਼ਾਰੇਦਾਰੀ ਤੋੜਨ, ਮੈਡੀਕਲ ਸਟੂਡੈਂਟਸ ਦੀ ਪਲੇਸਮੈਟ ਤੋਂ ਇਲਾਵਾ ਟੈਕਸੀ ਇੰਡਸਟਰੀ ਲਈ ਬਰਾਬਰ ਦੇ ਮੌਕੇ ਅਤੇ ਵਿਵਹਾਰ ਦੀ ਵਿਵਸਥਾ ਕਾਇਮ ਕਰਨਗੇ। ਉਹਨਾਂ ਸਰੀ ਪੈਨੋਰਮਾ ਹਲਕੇ ਦੇ ਲੋਕਾਂ ਲਈ ਐਨ ਡੀ ਪੀ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਕੁਝ ਵੀ ਨਾ ਕਰਨ ਅਤੇ ਅੱਖੋ ਪਰੋਖਾ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਹਲਕੇ ਨਾਲ ਪਿਛਲੇ 25 ਸਾਲ ਤੋਂ ਜੁੜੇ ਹੋਏ ਹਨ। ਹਲਕੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਲੋੜਾਂ ਨੂੰ ਸਭ ਤੋਂ ਵਧੇਰੇ ਸਮਝਦੇ ਹਨ। ਇਸ ਲਈ ਉਹ ਹੀ ਇਸ ਹਲਕੇ ਦੀ ਵਿਕਟੋਰੀਆ ਵਿਚ ਸਹੀ ਪ੍ਰਤੀਨਿਧਤਾ ਕਰ ਸਕਦੇ ਹਨ। ਉਹਨਾਂ ਹਲਕੇ ਦੇ ਲੋਕਾਂ ਨੂੰ ਲਿਬਰਲ ਵਾਸਤੇ ਭਾਰੀ ਸਮਰਥਨ ਦੀ ਮੰਗ ਕੀਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com