ਹਰਜਿੰਦਰ ਸਿੰਘ ਭੱਟੀ
- ਮਹਾਂਮਾਰੀ ਪ੍ਰਤੀ ਅਵੇਸਲਾਪਣ ਹੋ ਸਕਦਾ ਹੈ ਖ਼ਤਰਨਾਕ
- ਜ਼ਿਲ੍ਹੇ ਚ ਅੱਜ ਕੋਰੋਨਾ ਦੇ 58 ਮਰੀਜ਼ ਹੋਏ ਸਿਹਤਯਾਬ
ਐਸ.ਏ.ਐਸ ਨਗਰ, 23 ਅਕਤੂਬਰ 2020 - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਹਾਲਾਤਾਂ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਹੁਣ ਕੋਰੋਨਾ ਦੇ ਸਿਹਤਯਾਬ ਹੋ ਰਹੇ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਅਤੇ ਨਵੇਂ ਪਾਜ਼ੀਟਿਵ ਕੇਸ ਪਹਿਲਾਂ ਨਾਲੋਂ ਕਾਫੀ ਘੱਟ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਵਿੱਚ ਤਾਲਾਬੰਦੀ ਦੀਆ ਪਾਬੰਦੀਆਂ ਹਟਣ ਤੋਂ ਬਾਅਦ ਸਨਅਤ ਤੇ ਵਪਾਰ ਦੇ ਨਾਲ-ਨਾਲ ਹੋਰ ਸ਼ੁਰੂ ਹੋਈਆਂ ਸਰਗਰਮੀਆਂ ਦਾ ਜ਼ਾਇਜ਼ਾ ਲੈਣ ਉਪਰੰਤ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਜ਼ਿਲ੍ਹੇ ਅੰਦਰ ਕਈ ਤਰ੍ਹਾਂ ਦੇ ਇੱਕਠਾਂ ਤੇ ਅਜੇ ਵੀ ਪਾਬੰਦੀਆਂ ਹਨ ਪਰ ਕਾਫੀ ਪਾਬੰਦੀਆਂ ਹੱਟਣ ਕਾਰਣ ਆਮ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ । ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਨਾਲ ਬਾਜ਼ਾਰਾਂ ਵਿੱਚ ਆਵਾਜਾਈ ਵਧ ਗਈ ਹੈ ਇਸ ਲਈ ਹੁਣ ਆਵੇਸਲਾਪੁਣ ਛੱਡਕੇ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਹਾਲਾਤਾਂ ਵਿੱਚ ਮਹਾਂਮਾਰੀ ਪ੍ਰਤੀ ਵੇਪਰਵਾਹੀ ਅਤੇ ਅਵੇਸਲਾਪਣ ਚਿੰਤਾਜਨਕ ਹੈ। ਕੋਰੋਨਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਸ ਪ੍ਰਤੀ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਇਡਜ਼ ਲਾਇਨਾਂ ਨੂੰ ਪੂਰੀ ਸਖ਼ਤੀ ਨਾਲ ਅਪਨਾਉਣ ਦੀ ਲੋੜ ਹੈ। ਜਿਥੇ ਅਸੀਂ ਸਰਗਰਮੀਆਂ ਸ਼ੁਰੂ ਕੀਤੀਆਂ ਹਨ ਉਥੇ ਸਾਡੇ ਵੱਲੋਂ ਸਾਵਧਾਨੀਆਂ ਵਰਤੀਆਂ ਜਾਣੀਆਂ ਬੇਹੱਦ ਜਰੂਰੀ ਹਨ । ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਆਰਥਿਕ ਤੇ ਸਮਾਜਿਕ ਸਰਗਰਮੀਆਂ ਦੇ ਨਾਲ-ਨਾਲ ਪੂਰੀਆਂ ਸਾਵਧਾਨੀਆਂ ਵਰਤਣ ਵਿੱਚ ਹੀ ਸਭ ਦੀ ਭਲਾਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਸਬੰਧੀ ਤਾਜ਼ਾ ਅੰਕੜਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕੁਲ ਪਾਜੇਟਿਵ ਕੇਸ 11975 ਸਾਹਮਣੇ ਆਏ ਹਨ ਅਤੇ 11207 ਕੋਰੋਨਾ ਮਰੀਜ਼ ਸਿਹਤਯਾਬ ਹੋ ਚੁੱਕੇ ਹਨ । ਹੁਣ ਕੋਰੋਨਾ ਦੇ 537 ਐਕਟਿਵ ਕੇਸ ਹਨ ਅਤੇ 231 ਮਰੀਜ਼ਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 58 ਕੋਰੋਨਾ ਮਰੀਜ਼ ਸਿਹਤਯਾਬ ਹੋਏ ਹਨ ਅਤੇ 37 ਨਵੇਂ ਕੇਸ ਪਾਜੇਟਿਵ ਸਾਹਮਣੇ ਆਏ ਹਨ ਜਦਕਿ ਜ਼ਿਲ੍ਹੇ ਵਿੱਚ ਕੋਰੋਨਾ ਦੇ 02 ਮਰੀਜ਼ਾਂ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਨਵੇਂ ਪਾਜੇਟਿਵ ਕੇਸਾਂ ਵਿੱਚ ਡੇਰਾਬਸੀ ਅਤੇ ਇਸ ਦੇ ਆਸ ਪਾਸ ਦੇ ਖੇਤਰ ਤੋਂ 1 ਕੇਸ, , ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 5 ਕੇਸ, ਖਰੜ ਅਤੇ ਇਸ ਦੇ ਪਾਸ ਦੇ ਖੇਤਰ ਤੋਂ 4 ਕੇਸ, ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 3 ਕੇਸ,ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 1 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 23 ਕੇਸ ਸ਼ਾਮਲ ਹਨ।