ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 24 ਅਕਤੂਬਰ , ਗੁਰੂ ਹਰਸਹਾਏ ਖੇਤਰ ਵਿੱਚ ਫਸਲਾਂ ਅਤੇ ਹਰੇ ਚਾਰੇ ਦੇ ਗੈਰ ਮਿਆਰੀ ਬੀਜ ਸ਼ਰੇਆਮ ਵੇਚੇ ਜਾ ਰਹੇ ਹਨ ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲ ਭੇਜੀ ਗਈ ਲਿਖਤੀ ਸ਼ਿਕਾਇਤ ਵਿੱਚ ਰਮਨ ਕੁਮਾਰ ਪੁੱਤਰ ਅਮੋਲਕ ਚੰਦ ਨੇ ਲਿਖਿਆ ਹੈ ਕਿ ਇਹ ਕੰਮ ਕਰਿਆਨੇ ਦੀਆਂ ਦੁਕਾਨਾਂ ਅਤੇ ਪੈਸਟੀਸਾਈਡਜ਼ ਵਾਲੇ ਕਰ ਰਹੇ ਹਨ ।
ਦੱਸਿਆ ਗਿਆ ਹੈ ਕਿ ਬੱਸ ਅੱਡਾ ਗੋਲੂ ਕਾ ਮੋੜ , ਪਿੰਡ ਛਾਂਗਾ ਰਾਏ ਉਤਾੜ , ਬਾਜੇ ਕੇ , ਮੋਹਨ ਕੇ ਹਿਠਾੜ , ਗਜਨੀ ਵਾਲਾ , ਜੀਵਾਂ ਅਰਾਈਂ , ਪੰਜੇ ਕੇ ਉਤਾੜ ਵਿਖੇ ਕਰਿਆਨਾ ਸਟੋਰ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਉੱਪਰ ਇਹ ਬੀਜ ਵੇਚੇ ਜਾ ਰਹੇ ਹਨ ।
ਗੈਰ ਪ੍ਰਮਾਣਿਤ ਬੀਜਾਂ ਕਾਰਨ ਹਰ ਸਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ ।
ਬੀਜ ਵਿਕਰੀ ਕਰਨ ਮੌਕੇ ਕਿਸਾਨਾਂ ਨੂੰ ਪੱਕੇ ਬਿੱਲ ਨਹੀਂ ਮਿਲਦੇ ਜਿਸ ਕਾਰਨ ਕਣਕ , ਝੋਨਾ , ਬਾਸਮਤੀ ਦੇ ਪੱਕਣ ਮੌਕੇ ਠੀਕ ਝਾੜ ਨਾ ਮਿਲਣ ਤੇ ਕਿਸਾਨ ਚਾਹੁੰਦੇ ਹੋਏ ਵੀ ਠੀਕ ਤਰੀਕੇ ਨਾਲ ਸ਼ਿਕਾਇਤ ਨਹੀਂ ਕਰ ਸਕਦੇ ।
ਸਬਜ਼ੀਆਂ ਅਤੇ ਹਰੇ ਚਾਰੇ ਦੇ ਬੀਜ ਗ਼ੈਰ ਪ੍ਰਮਾਣਿਤ ਹੋਣ ਕਾਰਨ ਕਿਸਾਨ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਸਹੀ ਉਪਜ ਨਹੀਂ ਲੈ ਪਾਉਂਦੇ ।
ਪਿੰਡ ਰੁਕਨਾ ਬਸਤੀ ਦੇ ਇੱਕ ਕਿਸਾਨ ਨੇ ਖੀਰੇ ਅਤੇ ਖਰਬੂਜੇ ਪੰਜ ਏਕੜ ਜ਼ਮੀਨ ਵਿੱਚ ਬੀਜੇ ਪਰ ਜਦੋਂ ਵੇਲਾਂ ਤਿਆਰ ਹੋਈਆਂ ਤਾਂ ਠੀਕ ਫਲ ਹੀ ਨਹੀਂ ਆਇਆ ।
ਇਸ ਦੌਰਾਨ ਯੂਥ ਕਲੱਬਾਂ ਨਾਲ ਜੁੜੇ ਨੌਜਵਾਨਾਂ ਨੇ ਵੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਚੀਫ਼ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਇਨ੍ਹਾਂ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ।