ਹਰਦਮ ਮਾਨ
ਸਰੀ. 24 ਅਕਤੂਬਰ 2020 - ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਦੇ ਯੁਗ ਕਵੀ ਪ੍ਰੋ. ਮੋਹਨ ਸਿੰਘ ਦਾ 116ਵਾਂ ਜਨਮ ਦਿਨ ਜਰਨੈਲ ਆਰਟ ਗੈਲਰੀ, ਸਰੀ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰੋ. ਮੋਹਨ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਨਾਲ ਪੰਜਾਬੀ ਕਾਵਿ ਦਾ ਨਵਾਂ ਯੁਗ ਸ਼ੁਰੂ ਹੋਇਆ। ਉਨ੍ਹਾਂ ਦੀ ਕਵਿਤਾ ਸਹੀ ਮਾਅਨਿਆਂ ਵਿਚ ਲੋਕਾਂ ਦੀ ਕਵਿਤਾ ਹੈ। ਕਾਵਿਕ ਕਰੂਬਲਾਂ ਅਸਲ ਵਿਚ ਉਨ੍ਹਾਂ ਦੇ ਅੰਦਰੋਂ ਫੁਟਦੀਆਂ ਸਨ ਅਤੇ ਏਸੇ ਕਰਕੇ ਹੀ ਉਨ੍ਹਾਂ ਦੇ ਬਹੁਤ ਸਾਰੇ ਗੀਤ ਏਨੇ ਹਰਮਨ ਪਿਆਰੇ ਹੋਏ ਕਿਉਹ ਲੋਕ-ਗੀਤ ਹੀ ਬਣ ਗਏ।
ਪੰਜਾਬੀ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਸਮੁੱਚੀ ਕਵਿਤਾ ਵਿਚ ਖ਼ਿਆਲਾਂ, ਸ਼ਬਦਾਂ ਦਾ ਵਿਸ਼ਾਲ ਭੰਡਾਰ ਹੈ। ਉਨ੍ਹਾਂ ਦੀ ਕਵਿਤਾ ਕਵੀਆਂ ਦੀ ਵੀ ਰਾਹਨੁਮਾਈ ਕਰਦੀ ਹੈ ਜਿਸ ਨੂੰ ਪੜ੍ਹ ਕੇ ਹੀ ਜਾਣਿਆਂ ਜਾ ਸਕਦਾ ਹੈ ਕਿ ਕਵਿਤਾ ਕਿਵੇਂ ਲਿਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਦਿਲਾਂ ਵਿਚ ਉਹ ਸਦਾ ਜ਼ਿੰਦਾ ਰਹਿਣਗੇ।
ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਪ੍ਰੋ. ਮੋਹਨ ਸਿੰਘ, ਐਮ. ਐਸ. ਰੰਧਾਵਾ ਨਾਲ ਬਿਤਾਏ ਪਲਾਂ ਦੀ ਸਾਂਝ ਪੁਆਈ। ਅੰਗਰੇਜ਼ ਬਰਾੜ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਨੂੰ ਪੰਜਾਬੀ ਦੇ ਬਹੁਤ ਕਵੀ ਸਨ। ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦਾ ਸ਼ੁਰੂ ਹੋਣਾ ਅਤੇ ਫੇਰ ਏਨਾ ਹਰਮਨ ਪਿਆਰਾ ਹੋਣਾ ਉਨ੍ਹਾਂ ਦੁਆਰਾ ਪੰਜਾਬੀ ਕਵਿਤਾ ਨੂੰ ਨਵੀਆਂ ਛੋਹਾਂ ਦੇਣ ਅਤੇ ਲੋਕਾਂ ਦਿਲਾਂ ਦੀ ਧੜਕਣ ਬਣਾਉਣ ਸਦਕਾ ਹੀ ਹੋਇਆ। ਹਰਦਮ ਸਿੰਘ ਮਾਨ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਅਧਿਆਤਮਵਾਦ ਚੋਂ ਕੱਢ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਆਧੁਨਿਕ ਕਵਿਤਾ ਦਾ ਮੁਹਾਂਦਰਾ ਸਿਰਜਿਆ ਅਤੇ ਕਵਿਤਾ ਨੂੰ ਨਿਜ ਦੇ ਗ਼ਮ ਤੋਂ ਲੋਕਾਂ ਦਾ ਗ਼ਮ ਬਣਾਇਆ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com