ਜਗਦੀਸ਼ ਥਿੰਦ
ਫਾਜ਼ਿਲਕਾ, 24 ਅਕਤੂਬਰ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਰਾਜ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਇਕ ਆਨ ਲਾਈਨ ਪ੍ਰੋਗਰਾਮ ਦੌਰਾਨ ਕਰਵਾਈ।
ਇਸ ਮੌਕੇ ਉਨਾਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਜਿੱਥੇ 3013 ਕਰੋੜ ਰੁਪਏ ਦੇ ਕੰਮ ਕਰਵਾਏ ਗਏ ਹਨ ਉੱਥੇ ਹੀ ਦੂਜੇ ਪੜਾਅ ਵਿਚ 8283 ਕਰੋੜ ਰੁਪਏ ਦੇ ਕੰਮ ਰਾਜ ਭਰ ਦੇ ਸ਼ਹਿਰਾਂ ਵਿਚ ਆਰੰਭ ਕੀਤੇ ਜਾ ਰਹੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਹੈ ਉਥੇ ਹੀ ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਵਿਚ ਵੀ ਔਰਤਾਂ ਲਈ 33 ਫੀਸਦੀ ਦਾ ਰਾਖਵਾਂਕਰਨ ਦੇਣ ਦਾ ਫੈਸਲਾ ਲਾਗੂ ਕੀਤਾ ਹੈ। ਇਸ ਤੋਂ ਬਿਨਾਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਹੁਲਤ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਲੁਧਿਆਣਾ ਦੇ ਬੱਢੇ ਨਾਲੇ ਦੀ ਕਾਇਆਕਲੱਪ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਬੁੱਢੇ ਨਾਲੇ ਨਾਲ ਸਤਲੁਜ ਵਿਚ ਪ੍ਰਦੁਸ਼ਤ ਪਾਣੀ ਪੈਂਦਾਂ ਸੀ ਜੋ ਕਿ ਅੱਗੇ ਦੱਖਣ ਪੱਛਮ ਪੰਜਾਬ ਦੀ ਮਨੁੱਖੀ ਅਬਾਦੀ ਵੱਲੋਂ ਵਰਤਿਆ ਜਾਂਦਾ ਸੀ। ਉਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਲੁਧਿਆਣਾ ਜ਼ਿਲੇ ਦੀ ਸਥਾਨਕ ਸਮੱਸਿਆ ਦੇ ਹੱਲ ਦੇ ਨਾਲ ਨਾਲ ਦੱਖਣ ਪੱਛਮ ਪੰਜਾਬ ਦੇ ਲੋਕਾਂ ਨੂੰ ਵੀ ਸਾਫ ਪਾਣੀ ਮਿਲੇਗਾ।
ਮੁੱਖ ਮੰਤਰੀ ਨੇ ਸੂਬੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰਾਂ ਵਿਚ 3 ਲੱਖ ਐਲਈਡੀ ਲਾਇਟਾਂ ਲਗਾਈਆਂ ਗਈਆਂ ਹਨ। ਉਨਾਂ ਨੇ ਕਿਹਾ ਕਿ ਸੂਬਾ ਭਵਿੱਖ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਸ਼ਹਿਰੀ ਵਿਕਾਸ ਕਰਵਾ ਰਹੀ ਹੈ। ਉਨਾਂ ਨੇ ਦੱਸਿਆ ਕਿ ਸ਼ਹਿਰਾਂ ਵਿਚ ਪੰਜਾਬ ਸਰਕਾਰ 1.5 ਲੱਖ ਲੋਕਾਂ ਨੂੰ ਘਰ ਦੀ ਸਹੁਲਤ ਦੇਣ ਦੇ ਟੀਚੇ ਤੇ ਕੰਮ ਕਰ ਰਹੀ ਹੈ ਜਿਸ ਵਿਚ 93 ਹਜਾਰ ਘਰਾਂ ਦੀ ਪ੍ਰਵਾਨਗੀ ਜਾਰੀ ਹੋ ਚੁੱਕੀ ਹੈ ਜਿਸ ਵਿਚ 28 ਹਜਾਰ ਘਰ ਬਣ ਗਏ ਹਨ ਅਤੇ 32 ਹਜਾਰ ਉਸਾਰੀ ਅਧੀਨ ਹਨ।
ਇਸ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਿਮ ਮਹਿੰਦਰਾ ਨੇ ਸੰਬੋਧਨ ਵਿਚ ਵਿਭਾਗ ਵੱਲੋਂ ਸ਼ਹਿਰਾਂ ਦੇ ਕੀਤੇ ਜਾ ਰਹੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਿਕਾਸ ਲਈ ਧਨ ਦੀ ਕਮੀ ਨਹੀਂ ਆਉਣ ਦੇਵੇਗੀ। ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੰਢਣਸਾਰ ਅਤੇ ਸੰਤੁਲਿਤ ਵਿਕਾਸ ਤੇ ਜੋਰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਮਾਗਮ ਵਿਚ ਸਭ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੱਜ ਸ਼ੁਰੂ ਹੋਣ ਜਾ ਰਹੇ ਵਿਕਾਸ ਕਾਰਜਾਂ ਦਾ ਸੂਬੇ ਦੀ 40 ਫੀਸਦੀ ਅਬਾਦੀ ਨੂੰ ਸਿੱਧੇ ਤੌਰ ਤੇ ਲਾਭ ਪੁੱਜੇਗਾ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇਸ ਮੌਕੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਬੋਹਰ ਵਿਚ 10 ਕਰੋੜ, ਫਾਜ਼ਿਲਕਾ ਵਿਚ 8 ਕਰੋੜ, ਜਲਾਲਾਬਾਦ ਵਿਚ 3.5 ਕਰੋੜ ਅਤੇ ਅਰਨੀਵਾਲਾ ਵਿਚ 1.32 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਹੋਣ ਜਾ ਰਹੇ ਹਨ।
ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਹੰਸ ਰਾਜ ਜੋਸ਼ਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਠੀ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਰੂਬੀ ਗਿੱਲ, ਵੀ ਹਾਜਰ ਸਨ।