ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2020 - ਡੱਬਵਾਲੀ ਬਲਾਕ ਦੀਆਂ ਜਨਤਕ ਜਥੇਬੰਦੀਆਂ ਨੇ ਅੱਜ ਖੇਤੀ ਕਾਨੂੰਨਾਂ ਖਿਲਾਫ ਮੰਡੀ ਡੱਬਵਾਲੀ ਤੇ ਮੰਡੀ ਕਿੱਲਿਆਂਵਾਲੀ ਦੇ ਬਜਾਰਾਂ ਚੇ ਮਾਰਚ ਕਰਕੇ ਕਾਰਪੋਰੇਟ ਘਰਾਣਿਆਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੇ ਦਿਓ ਕੱਦ ਪੁਤਲੇ ਫੂਕ ਕੇ ਦੁਸਹਿਰਾ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਆੜਤੀਆ ਐਸੋਸੀਏਸ਼ਨ ਮੰਡੀ ਡੱਬਵਾਲੀ ਦੇ ਆਗੂ ਗੁਰਦੀਪ ਕਾਮਰਾ, ਬਿਜਲੀ ਮੁਲਾਜਮਾਂ ਦੇ ਆਗੂ ਸੁਖਦਰਸ਼ਨ ਸਿੰਘ ਤੇ ਹਰਿਆਣਾ ਤੋਂ ਕਿਸਾਨ ਆਗੂ ਜਸਵੀਰ ਸਿੰਘ ਭਾਟੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ, ਮਜਦੂਰਾਂ, ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਹਕੂਮਤ ਖੇਤੀ, ਜਲ, ਜੰਗਲ,ਖਣਿਜ ਪਦਾਰਥਾਂ ਸਮੇਤ ਦੇਸ ਦੇ ਸਭ ਅਮੀਰ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਦੇ ਰਾਹੀਂ ਦੇਸ਼ ਨਾਲ ਧਰੋਹ ਕਮਾਕੇ ਸਾਮਰਾਜੀ ਤੇ ਅਡਾਨੀਆਂ ਅੰਬਾਨੀਆਂ ਦੀ ਚਾਕਰੀ ਕਰ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਗਰੀਬੀ, ਬੇਰੁਜ਼ਗਾਰ, ਮਹਿੰਗਾਈ ਤੇ ਕਾਲਾ ਬਾਜਾਰੀ ਵਧੇਗੀ ਜਿਸ ਨਾਲ ਸਮੂਹ ਦੇਸ਼ ਵਾਸੀਆਂ ‘ਤੇ ਮਾਰੂ ਅਸਰ ਪੈਣਗੇ।
ਉਹਨਾਂ ਆਖਿਆ ਕਿ ਐਤਵਾਰ ਨੂੰ ਦੁਸ਼ਹਿਰੇ ਮੌਕੇ ਦਾਣਾ ਮੰਡੀ ਕਿੱਲਿਆਂਵਾਲੀ ਵਿਖੇ ਕੀਤੇ ਜਾਣ ਵਾਲੇ ਇਸ ਪ੍ਰਦਰਸ਼ਨ ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ,ਵਪਾਰੀ, ਆੜ੍ਹਤੀਏ ਤੇ ਹੋਰ ਕਾਰੋਬਾਰੀ ਵੱਡੀ ਗਿਣਤੀ ਚ ਸ਼ਾਮਲ ਹੋਣਗੇ।