ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2020 - ਭਾਰਤ ਦੀ ਸਭ ਤੋਂ ਵੱਡੀ ਐਜ਼ੂਕੇਸ਼ਨਲ ਕੰਪਨੀ ਥਿੰਕ ਐਂਡ ਲਰਨ ਪ੍ਰਾ. ਲਿਮ. (ਬਾਇਯੂਜ ਦ ਲਰਨਿੰਗ ਐਪ) ਨੇ ਬਾਬਾ ਫ਼ਰੀਦ ਕਾਲਜ ਦੀ ਬੀ.ਐਸ.ਸੀ (ਬੈਚ 2017-20) ਦੀ ਵਿਦਿਆਰਥਣ ਸੁਖਦੀਪ ਕੌਰ ਨੂੰ 8 ਲੱਖ ਸਾਲਾਨਾ ਦੇ ਪੈਕੇਜ ’ਤੇ ਨੌਕਰੀ ਲਈ ਚੁਣਿਆ ਹੈ।
ਕੰਪਨੀ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥਣ ਦੀ ਵੱਖ-ਵੱਖ ਗੇੜਾਂ ਰਾਹੀਂ ਆਨਲਾਈਨ ਇੰਟਰਵਿਊ ਕੀਤੀ। ਵਿਦਿਆਰਥਣ ਦੀ ਸੰਚਾਰ ਭਾਸ਼ਾ, ਤਕਨੀਕੀ ਗਿਆਨ, ਵਪਾਰ ਜਗਤ ਬਾਰੇ ਸਮਝ ਅਤੇ ਪੇਸ਼ੇਵਰ ਪਹੁੰਚ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਜਿਸ ਦੇ ਸਿੱਟੇ ਵਜੋਂ ਉਨਾਂ ਨੇ ਬਾਬਾ ਫ਼ਰੀਦ ਕਾਲਜ ਵਿਦਿਆਰਥਣ ਸੁਖਦੀਪ ਕੌਰ ਨੂੰ ਬਿਜ਼ਨਸ ਡਿਵੈਲਪਮੈਂਟ ਐਸੋਸੀਏਟ ਦੇ ਅਹੁਦੇ ਲਈ ਚੁਣ ਲਿਆ।
ਇਸ ਅਹਿਮ ਪ੍ਰਾਪਤੀ ’ਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਫੈਕਲਟੀ ਮੈਂਬਰਾਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਇਸ ਵੱਡੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਨੌਕਰੀ ਲਈ ਚੁਣੀ ਗਈ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਸੰਕਟਮਈ ਸਮੇਂ ਦੌਰਾਨ ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਚੰਗੇ ਪੈਕੇਜ ’ਤੇ ਪਲੇਸਮੈਂਟ ਦਾ ਹੋਣਾ ਬਹੁਤ ਹੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਨੌਕਰੀ ਲਈ ਚੁਣੀ ਗਈ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਸੁਖਦੀਪ ਕੌਰ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।