ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਅਕਤੂਬਰ 2020 - ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੱਗੀ ਜੰਗਲੀ ਅੱਗ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਭ ਕੁੱਝ ਤਬਾਹ ਕਰ ਰਹੀ ਹੈ। ਇਸ ਅੱਗ ਕਾਰਨ ਇਸ ਰਾਜ ਦੇ ਕਈ ਖੇਤਰਾਂ ਵਿੱਚ ਲੋਕਾਂ ਨੂੰ ਲੰਮੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਸੀ ਈ ਓ ਵਿਲੀਅਮ ਜੌਹਨਸਨ ਅਨੁਸਾਰ ਜੰਗਲਾਂ ਦੀ ਅੱਗ ਦੇ ਖਤਰੇ ਕਾਰਨ ਬਿਜਲੀ ਬੰਦ ਹੋਣੀ ਸੁਭਾਵਿਕ ਅਤੇ ਜਰੂਰੀ ਹੈ।
ਇਸ ਸਮੇਂ ਪੀ ਜੀ ਐਂਡ ਈ ਕਾਰਪੋਰੇਸ਼ਨ, 2020 ਦੀ ਸਭ ਤੋਂ ਖਤਰਨਾਕ ਅੱਗ ਦਾ ਸਾਹਮਣਾ ਕਰ ਰਹੀ ਹੈ ਅਤੇ ਉਮੀਦ ਹੈ ਕਿ ਐਤਵਾਰ ਨੂੰ ਲਗਭਗ 466,000 ਘਰਾਂ ਅਤੇ ਕਾਰੋਬਾਰਾਂ ਲਈ ਬਿਜਲੀ ਬੰਦ ਰਹੇਗੀ ਕਿਉਂਕਿ ਜੰਗਲੀ ਅੱਗ ਜ਼ਿਆਦਾ ਖਤਰਨਾਕ ਹੋ ਗਈ ਹੈ। ਕੰਪਨੀ ਨੇ ਸ਼ੁੱਕਰਵਾਰ ਦੇਰ ਸ਼ਾਮ ਐਲਾਨ ਕੀਤਾ, ਇਹ ਸਾਲ ਦਾ ਸਭ ਤੋਂ ਵੱਡਾ ਬਿਜਲੀ ਕੱਟ ਹੋਵੇਗਾ।ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਲੈਕ ਆਊਟ ਐਤਵਾਰ ਸਵੇਰ ਤੋਂ ਸ਼ੁਰੂ ਹੋ ਕੇ ਮੰਗਲਵਾਰ ਤੱਕ ਚੱਲੇਗਾ ਜੋ ਪੀ ਜੀ ਐਂਡ ਈ ਦੇ ਵਿਸ਼ਾਲ ਖੇਤਰ ਵਿਚ 38 ਕਾਉਂਟੀਆਂ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ।
ਜ਼ਿਕਰਯੋਗ ਹੈ ਕਿ ਸਾਲ 2019 ਦੇ ਸ਼ੁਰੂ ਵਿਚ ਜੰਗਲੀ ਅੱਗਾਂ ਨੇ ਪੀ ਜੀ ਐਂਡ ਈ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਜਿਸ ਕਰਕੇ ਅੱਗ ਤੋਂ ਬਚਾਅ ਲਈ ਇਹ ਇੱਕ ਜਰੂਰੀ ਕਦਮ ਦੱਸਿਆ ਜਾ ਰਿਹਾ ਹੈ।ਕੈਲੀਫੋਰਨੀਆ ਖੇਤਰ ਵਿੱਚ ਅੱਗ ਦੇ ਫੈਲਣ ਵਿੱਚ ਮੌਸਮ ਵਿਭਾਗ ਨੇ ਵੱਡਾ ਹੱਥ ਇਸ ਸਾਲ ਦੇ ਮੌਸਮ ਦਾ ਦੱਸਿਆ ਹੈ। ਇਸ ਭਿਆਨਕ ਆੱਗ ਵਿੱਚ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੱਖ ਤੋਂ ਜ਼ਿਆਦਾ ਏਕੜ ਸੜ ਚੁੱਕੇ ਹਨ।