ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 24 ਅਕਤੂਬਰ 2020 - ਕੋਰੋਨਾ ਵਾਇਰਸ ਨੇ ਅਮਰੀਕਾ ਵਿੱਚ ਹਰ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵਾਇਰਸ ਕਾਰਨ ਕਈ ਲੋਕਾਂ ਨੇ ਜਿੱਥੇ ਆਪਣੀ ਨੌਕਰੀ ਗਵਾਈ ਹੈ ਉੱਥੇ ਹੀ ਬੇਰੁਜ਼ਗਾਰੀ ਦਰ ਵੀ ਵਧੀ ਹੈ।ਇਸ ਮਾਰੂ ਲਾਗ ਦੀ ਬਿਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਵੀ ਲਈ ਹੈ।ਕੋਰੋਨਾ ਵਾਇਰਸ ਮਹਾਂਮਾਰੀ ਨੇ ਬਹੁਤੇ ਲੋਕਾਂ ਦੇ ਕਾਰੋਬਾਰ ਵੀ ਠੱਪ ਕਰ ਦਿੱਤੇ ਹਨ।
ਇਹਨਾਂ ਸਭ ਨੂੰ ਮਿਲਾ ਕੇ ਅਮਰੀਕਾ ਵਾਸੀਆਂ ਦਾ ਆਰਥਿਕ ਪੱਧਰ ਕਾਫ਼ੀ ਹੇਠਾਂ ਚਲਿਆ ਗਿਆ ਹੈ। ਇੱਥੋਂ ਤੱਕ ਕਿ ਕਈਆਂ ਦੇ ਬੱਚਤ ਖਾਤੇ ਵੇ ਜ਼ੀਰੋ ਹੋ ਗਏ ਹਨ। ਲੋਕਾਂ ਦੁਆਰਾ ਕਈ ਸਾਲਾਂ ਤੋਂ ਆਪਣੇ ਮਾੜੇ ਦਿਨਾਂ ਲਈ ਜੋੜੇ ਪੈਸੇ ਵੀ ਖ਼ਤਮ ਹੋ ਗਏ ਹਨ ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਹੁਣ ਅਮਰੀਕਾ ਵਿਚ ਆਪਣੇ ਅੱਠਵੇਂ ਮਹੀਨੇ ਵੱਲ ਵਧ ਰਹੀ ਹੈ, ਲੱਖਾਂ ਅਮਰੀਕੀ ਇਕ ਅਜਿਹੀ ਆਰਥਿਕ ਤਬਾਹੀ ਦਾ ਸਾਹਮਣਾ ਕਰ ਰਹੇ ਹਨ ਜਿਸ ਦੀ ਉਹ ਯੋਜਨਾ ਨਹੀਂ ਬਣਾ ਸਕਦੇ।
ਨਾਰਥ ਵੈਸਟਰਨ ਮਿਊਚਲ ਫ਼ੰਡ ਦੇ ਸਲਾਹਕਾਰ ਚੈਂਟਲ ਬੋਨੋ ਅਨੁਸਾਰ ਇਕ ਐਮਰਜੈਂਸੀ ਫ਼ੰਡ ਇਕ ਐਮਰਜੈਂਸੀ ਲਈ ਹੁੰਦਾ ਹੈ, ਪਰ ਇਹ ਆਮ ਤੌਰ 'ਤੇ ਛੇ ਤੋਂ ਵੱਧ ਮਹੀਨਿਆਂ ਦੀ ਅਵਧੀ ਲਈ ਨਹੀਂ ਹੁੰਦਾ।ਐਮਰਜੈਂਸੀ ਲਈ ਬੱਚਤ ਕਰਨਾ ਖ਼ਾਸ ਤੌਰ 'ਤੇ ਘੱਟ ਆਮਦਨੀ ਵਾਲੇ ਲੋਕਾਂ ਲਈ ਮੁਸ਼ਕਲ ਹੁੰਦਾ ਹੈ। ਇਸ ਗਰਮੀਆਂ ਵਿੱਚ ਬੈਂਕ ਰੇਟ ਦੇ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 4 ਵਿੱਚੋਂ 1 ਵਿਅਕਤੀ ਕੋਲ ਛੇ ਮਹੀਨਿਆਂ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਬੱਚਤ ਸੀ ਅਤੇ 27% ਕੋਲ ਤਿੰਨ ਮਹੀਨਿਆਂ ਤੋਂ ਘੱਟ ਅਤੇ 21% ਲੋਕਾਂ ਕੋਲ ਕੋਈ ਬੱਚਤ ਨਹੀਂ ਸੀ।
ਇੱਥੇ ਆਰਥਿਕ ਪੱਖੋਂ ਹੌਲੇ ਹੋ ਚੁੱਕੇ ਲੋਕਾਂ ਦੀਆਂ ਸਾਰੇ ਦੇਸ਼ ਵਿੱਚੋਂ ਕਾਫ਼ੀ ਉਦਾਹਰਨਾਂ ਵਿੱਚੋਂ ਇੱਕ ਐਡਮ ਦੀ ਹੈ ਜਿਸ ਨੇ ਇਸ ਕਾਲ ਦੌਰਾਨ ਆਪਣੇ ਖਾਤੇ ਦੇ ਬੈਲੰਸ ਜ਼ੀਰੋ ਤੋਂ ਹੇਠਾਂ ਆਉਂਦੇ ਵੇਖੇ ਹਨ। 2020 ਦੀ ਸ਼ੁਰੂਆਤ ਵਿੱਚ ਇਸ ਕੋਲ ਚੰਗੀ ਨੌਕਰੀ,ਘਰ ਆਦਿ ਤੋਂ ਇਲਾਵਾ 5000 ਡਾਲਰ ਦੀ ਬੱਚਤ ਵੀ ਸੀ ਪਰ ਉਸਨੇ ਕਦੇ ਉਮੀਦ ਨਹੀਂ ਕੀਤੀ ਕਿ ਇਹ ਸਭ ਇੰਨੀ ਜਲਦੀ ਖ਼ਤਮ ਹੋ ਜਾਵੇਗਾ। ਇਸਦੇ ਇਲਾਵਾ ਹੋਰ ਵੀ ਕਾਫ਼ੀ ਲੋਕ ਹਨ ਜੋ ਇਸ ਮਹਾਂਮਾਰੀ ਦੌਰਾਨ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਬਿਨਾਂ ਕੰਗਾਲ ਹੋ ਚੁੱਕੇ ਹਨ।