ਜ਼ਿਆਦਾਤਰ ਦੁਕਾਨਦਾਰ ਇਸ ਵਾਰ ਨਹੀਂ ਕਰਨਗੇ ਪਟਾਕਿਆਂ ਦੀ ਸੇਲ
ਮਿਠਾਈਆਂ ’ਚ ਮਿਲਾਵਟਖ਼ੋਰੀ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਖਿੱਚੀ ਤਿਆਰੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ 2020-ਪਹਿਲਾਂ ਕੋਰੋਨਾ ਨੂੰ ਲੈ ਕੇ ਲਾਕਡਾਊਨ ਤੇ ਹੁਣ ਖੇਤੀ ਕਾਨੂੰਨਾਂ ਬਾਬਤ ਚੱਲ ਰਹੇ ਕਿਸਾਨੀ ਪ੍ਰਦਰਸ਼ਨ ਦੇ ਤਹਿਤ ਇਸ ਵਾਰ ਦੀਵਾਲੀ ਮੰਦੀ ਰਹਿਣ ਦੀਆਂ ਕਿਆਸਅਰਾਈਆਂ ਲਗਾਈਆਂ ਜਾਣ ਲੱਗੀਆਂ ਹਨ। ਹਰ ਸਾਲ ਵੱਡੇ ਪੱਧਰ ’ਤੇ ਪਟਾਕਿਆਂ ਦੀ ਸੇਲ ਕਰਨ ਵਾਲੇ ਦੁਕਾਨਦਾਰਾਂ ਨੇ ਵੀ ਇਸ ਵਾਰ ਪਟਾਕਿਆਂ ਦੀ ਵਿਕਰੀ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਦੋਂਕਿ ਦੀਵਾਲੀ ਨਾਲ ਸਬੰਧਿਤ ਹੋਰ ਵੀ ਕਈ ਚੀਜ਼ਾਂ ਦੀ ਵਿਕਰੀ ਦੇ ਅਨੁਮਾਨ ਇਸ ਵਾਰ ਘੱਟ ਲਗਾਏ ਜਾ ਰਹੇ ਹਨ, ਜਿਸਨੂੰ ਲੈ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ’ਚ ਇਸ ਵਾਰ ਦੀ ਦੀਵਾਲੀ ਮੰਦੀ ਰਹਿਣ ਵਾਲੀ ਹੈ, ਜਿਸਦੀ ਤਾਜ਼ੀ ਉਦਾਹਰਨ ਐਤਵਾਰ ਦੁਸ਼ਹਿਰੇ ਵਾਲੇ ਦਿਨ ਪੰਜਾਬ ਭਰ ਅੰਦਰ ਵੇਖਣ ਨੂੰ ਮਿਲ ਗਈ ਹੈ। ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਰਗ ਸਰਕਾਰਾਂ ਖ਼ਿਲਾਫ਼ ਰੋਸੇ ਵਿੱਚ ਹਨ। ਹਰ ਸਾਲ ਕਿਸੇ ਨਾ ਕਿਸੇ ਕਾਰਨ ਕਾਲੀ ਦੀਵਾਲੀ ਮਨਾਈ ਹੀ ਜਾਂਦੀ ਹੈ ਤੇ ਇਸ ਵਾਰ ਖੇਤੀ ਕਾਨੂੰਨਾਂ ਕਾਰਨ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਮੱਧਮ ਹੋਣ ਵਾਲੀ ਹੈ।
ਝੋਨੇ ਦੇ ਸੀਜ਼ਨ ’ਚ ਕਿਸਾਨ ਖੁਸ਼ੀ-ਖੁਸ਼ੀ ਮਨਾਉਂਦੇ ਸਨ ਦੀਵਾਲੀ
ਦੇਸ਼ ਭਰ ਵਾਂਗ ਪੰਜਾਬ ਅੰਦਰ ਕਿਸਾਨ ਵਰਗ ਵੱਡੇ ਪੱਧਰ ’ਤੇ ਦੀਵਾਲੀ ਦਾ ਤਿਉਹਾਰ ਮਨਾਉਂਦਾ ਹੈ, ਕਿਉਂਕਿ ਦੀਵਾਲੀ ਦਾ ਤਿਉਹਾਰ ਸਿੱਖ ਧਰਮ ਨਾਲ ਵੀ ਜੁੜਿਆ ਹੈ, ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਕਾਰਨ ਕਿਸਾਨ ਵਰਗ ਫ਼ਿਕਰਮੰਦ ਹੈ। ਝੋਨੇ ਦੀ ਕਟਾਈ ਸਮੇਂ ਹਰ ਸਾਲ ਆਉਣ ਵਾਲਾ ਦੀਵਾਲੀ ਦਾ ਤਿਉਹਾਰ ਪੰਜਾਬ ਅੰਦਰ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਹੈ, ਪਰ ਇਸ ਵਾਰ ਪੰਜਾਬ ਦੇ ਕਿਸਾਨਾਂ ਦਾ ਵੱਡਾ ਹਿੱਸਾ ਪ੍ਰਦਰਸ਼ਨ ’ਚ ਮਸ਼ਰੂਫ਼ ਹੈ ਤੇ ਅਜਿਹੇ ਵਕਤ ’ਚ ਦੀਵਾਲੀ ਸਬੰਧੀ ਕਿਸਾਨਾਂ ਦੇ ਘਰਾਂ ’ਚ ਚਾਅ ਪਹਿਲਾਂ ਵਾਂਗ ਨਹੀਂ ਹੈ। ਸੌਖੀ ਜਿਹੀ ਗੱਲ ਹੈ ਕਿ ਜੇਕਰ ਕਿਸਾਨ-ਮਜ਼ਦੂਰ ਵਰਗ ਦੀਵਾਲੀ ਨਹੀਂ ਮਨਾਉਂਦਾ ਤਾਂ ਇਸਦਾ ਇੱਕ ਵੱਡਾ ਅਸਰ ਮਾਰਕਿਟ ’ਤੇ ਵੀ ਪਵੇਗਾ। ਪੰਜਾਬ ਦੇ ਅਜੋਕੇ ਹਾਲਾਤਾਂ ਦੇ ਚੱਲਦਿਆਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਇਸ ਵਾਰ ਮਾਰਕਿਟ ਮੰਦੀ ਰਹੇਗੀ।
ਸੀਜ਼ਨ ਦੌਰਾਨ ਮਿਸ਼ਠਾਨ ਭੰਡਾਰਾਂ ’ਤੇ ਕੀਤੀ ਜਾਵੇਗੀ ਛਾਪੇਮਾਰੀ: ਫੂਡ ਇੰਸਪੈਕਟਰ
ਤਿਉਹਾਰਾਂ ਦੇ ਸ਼ੁਰੂ ਹੋਏ ਸੀਜ਼ਨ ਦੇ ਚੱਲਦਿਆਂ ਸਿਹਤ ਵਿਭਾਗ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਮਿਠਾਈਆਂ ’ਚ ਇਸ ਵਾਰ ਕਿਸੇ ਤਰ੍ਹਾਂ ਦੀ ਮਿਲਾਵਟਖ਼ੋਰੀ ਨਾ ਹੋਵੇ, ਇਸ ਲਈ ਸਿਹਤ ਵਿਭਾਗ ਟੀਮਾਂ ਗਠਨ ਕਰਕੇ ਐਕਸ਼ਨ ਲੈਣ ਦੀ ਫ਼ਿਰਾਕ ’ਚ ਹੈ। ਫੂਡ ਇੰਸਪੈਕਟਰ ਸੰਜੈ ਖਟਿਆਲ ਨੇ ਦੱਸਿਆ ਸਿਹਤ ਵਿਭਾਗ ਲੋਕਾਂ ਦੀ ਸਿਹਤ ਲਈ ਸਿਹਤ ਵਿਭਾਗ ਫਿਕਰਮੰਦ ਹੈ ਤੇ ਉਹ ਕਿਸੇ ਵੀ ਵਿਅਕਤੀ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀਂ ਦੇਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋੲ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਵਾਈ ਯੂਨੀਅਨ ਨਾਲ ਮੀਟਿੰਗ ਕਰ ਚੁੱਕੇ ਹਨ। ਮੀਟਿੰਗ ਦੌਰਾਨ ਸਮੂਹ ਮਿਸ਼ਠਾਨ ਭੰਡਾਰ ਦੇ ਮਾਲਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਤੇ ਪ੍ਰਸਾਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਮਿਠਾਈ ਬਣਾਉਣ ਸਮੇਂ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਮਿਲਾਵਟੀ ਦੁੱਧ, ਮੱਖਣ, ਪਨੀਰ, ਖੋਹਾ ਆਦਿ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਤਿਉਹਾਰੀ ਸੀਜ਼ਨ ’ਚ ਸ਼ਹਿਰ ਦੇ ਵੱਖ-ਵੱਖ ਮਿਸ਼ਠਾਨ ਭੰਡਾਰਾਂ ’ਤੇ ਵਿਭਾਗ ਵੱਲੋਂ ਛਾਪੇਮਾਰੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਮਿਲਾਵਟ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।