ਅਸ਼ੋਕ ਵਰਮਾ
ਬਠਿੰਡਾ, 26 ਅਕਤੂਬਰ 2020 : ਬਠਿੰਡਾ ਦੇ ਇੱਕ ਏਐਸਆਈ ਦੀ ਪਤਨੀ ਨੂੰ ਬਲੈਕਮੇਲ ਕਰਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਐਸਟੀਐਫ ਦੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਡੀ.ਐਸ.ਪੀ ਦੀ ਪਛਾਣ ਗੁਰਸ਼ਰਨ ਸਿੰਘ ਵਜੋਂ ਹੋਈ ਹੈ ਜੋ ਕੁੱਝ ਸਮਾਂ ਪਹਿਲਾਂ ਹੀ ਤਰੱਕੀ ਕਰਕੇ ਇਸ ਅਹੁਦੇ ਤੇ ਪਹੁੰਚਿਆ ਸੀ।
ਪੁਲਿਸ ਵੱਲੋਂ ਇਸ ਸਬੰਧ ’ਚ ਧਾਰਾ 376,506 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਫਆਈਆਰ ਅਨੁਸਾਰ ਸ਼ਕਾਇਤਕਰਤਾ ਔਰਤ ਨੂੰ ਬੀਤੀ ਦੇਰ ਸ਼ਾਮ ਡੀਐਸਪੀ ਨੇ ਗੋਨਿਆਣਾ ਰੋਡ ਤੇ ਹਨੂੰਮਾਨ ਚੌਂਕ ’ਚ ਸਥਿਤ ਹੋਟਲ ਆਸ਼ੀਆਨਾ ’ਚ ਸੱਦਿਆ ਸੀ ਜਿੱਥੋ ਉਸ ਨੂੰ ਗ੍ਰਿਫਤਾਰ ਕਰ ਲਿਆ।
ਔਰਤ ਨੇ ਸ਼ਕਾਇਤ ’ਚ ਦੱਸਿਆ ਕਿ ਡੀਐਸਪੀ ਉਸ ਨੂੰ ਕਾਫੀ ਸਮੇਂ ਤੋਂ ਬਲੈਕਮੇਲ ਕਰਕੇ ਉਸ ਨਾਲ ਕਥਿਤ ਤੌਰ ਤੇ ਜਬਰਦਸਤੀ ਜਿਨਸੀ ਸਬੰਧ ਬਣਾਉਂਦਾ ਆ ਰਿਹਾ ਸੀ। ਓਧਰ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਡੀਐਸਪੀ ਗੁਰਸ਼ਰਨ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚਿੱਟੇ ਦਾ ਕੇਸ ਝੂਠਾ ਕਰਾਰ
ਸ਼ਿਕਾਇਤਕਰਤਾ ਔਰਤ ਨੇ ਥਾਣਾ ਨੇਹੀਆਂ ਵਾਲਾ ’ਚ 22 ਜੁਲਾਈ 2020 ਨੂੰ ਦਰਜ ਐਫਆਈਆਰ ਨੰਬਰ 118 ਤੇ ਵੀ ਸਵਾਲ ਖੜੇ ਕੀਤੇ ਹਨ। ਔਰਤ ਨੇ ਦੱਸਿਆ ਕਿ ਉਸ ਸਮੇਤ ਉਸ ਦੇ ਏਐਸਆਈ ਪਤੀ ਅਤੇ ਨੌਜਵਾਨ ਲੜਕੇ ਤੇ ਵੀ ਇਸੇ ਕਾਰਨ ਹੀ ਕੇਸ ਦਰਜ ਕੀਤਾ ਗਿਆ ਸੀ। ਸ਼ਕਾਇਤਕਰਤਾ ਨੇ ਦੱਸਿਆ ਕਿ ਡੀਐਸਪੀ ਨੇ ਉਸ ਨੂੰ ਪਹਿਲਾਂ ਡਰਾਇਆ ਧਮਕਾਇਆ ਸੀ ਅਤੇ ਮੇਰੇ ਮਨ੍ਹਾਂ ਕਰਨ ਤੇ 118 ਨੰਬਰ ਮੁਕੱਦਮਾ ਦਰਜ ਹੋਇਆ ਹੈ।
ਪੰਜਾਬ ਦੇ ਐਸ ਟੀ ਐਫ ਮੁਖੀ ਹਰਪ੍ਰੀਤ ਸਿੱਧੂ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਮਾਮਲੇ ਦੀ ਪੜਤਾਲ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।