ਹਰਜਿੰਦਰ ਸਿੰਘ ਭੱਟੀ
- 150 ਨਾਮੀ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਬੈਚ-2021 ਦੇ 1000 ਤੋਂ ਵੱਧ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
- ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀ ਨੂੰ 35 ਲੱਖ ਸਾਲਾਨਾ ਤਨਖ਼ਾਹ ਦੀ ਮਿਲੀ ਪੇਸ਼ਕਸ਼
ਚੰਡੀਗੜ੍ਹ, 27 ਅਕਤੂਬਰ 2020 - ਕੋਰੋਨਾ ਸੰਕਟ ਦੇ ਬਾਵਜੂਦ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਆਰੰਭੀ ਗਈ ਮੁਹਿੰਮ ਨੂੰ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਮਹਾਂਮਾਰੀ ਸੰਕਟ ਦੌਰਾਨ 1000 ਤੋਂ ਵੱਧ ਵਿਦਿਆਰਥੀ ਚੰਗੀ ਪਲੇਸਮੈਂਟ ਹਾਸਲ ਕਰਨ 'ਚ ਸਫ਼ਲ ਹੋਏ ਹਨ। ਵੱਖ-ਵੱਖ ਖੇਤਰ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੈਚ-2021 ਦੇ 1000 ਤੋਂ ਵੱਧ ਵਿਦਿਆਰਥੀਆਂ ਨੂੰ ਚੰਗੇ ਤਨਖ਼ਾਹ ਪੈਕੇਜਾਂ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਦੁਨੀਆਂ ਦੇ ਨਾਮਵਰ 150 ਬਹੁਕੌਮੀ ਕੰਪਨੀਆਂ ਵੱਲੋਂ ਕੋਰੋਨਾ ਸੰਕਟ ਦੌਰਾਨ ਭਰਤੀ ਪ੍ਰੀਕਿਰਿਆ ਆਨਲਾਈਨ ਹੀ ਮੁਕੰਮਲ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਰੋਜ਼ਗਾਰ ਪ੍ਰਾਪਤੀ ਲੋਕਾਂ ਲਈ ਵੱਡੀ ਚਣੌਤੀ ਬਣ ਉਭਰੀ ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀ ਪਲੇਸਮੈਂਟਾਂ ਨੂੰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕੀਤੇ। ਜਿਸ ਦੇ ਮੱਦੇਨਜ਼ਰ ਦੇਸ਼ ਵਿਦੇਸ਼ ਦੀਆਂ ਨਾਮੀ ਮਲਟੀਨੈਸ਼ਨਲ ਕੰਪਨੀਆਂ ਵੱਲੋਂ 'ਵਰਸਿਟੀ ਦੇ ਵਿਦਿਆਰਥੀਆਂ 'ਚ ਰੁਚੀ ਵਿਖਾਉਂਦਿਆਂ ਆਨਲਾਈਨ ਹੀ ਭਰਤੀ ਪ੍ਰੀਕਿਰਿਆ ਆਰੰਭੀ ਗਈ। ਉਨ੍ਹਾਂ ਦੱਸਿਆ ਕਿ ਬੈਚ-2021 ਦੇ ਸ਼ੁਰੂਆਤ ਵੇਲੇ ਤੋਂ ਹੀ 150 ਤੋਂ ਵੱਧ ਬਹੁਕੌਮੀ ਕੰਪਨੀਆਂ ਪਲੇਸਮੈਂਟ ਪ੍ਰੀਕਿਰਿਆ ਲਈ ਸਾਡੇ ਨਾਲ ਜੁੜ ਚੁੱਕੀਆਂ ਹਨ ਅਤੇ ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀ ਨੂੰ 35 ਲੱਖ ਸਾਲਾਨਾ ਦੇ ਸਰਵਉੱਚ ਤਨਖ਼ਾਹ ਪੈਕੇਜ਼ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ। ਸੰਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੈਚ-2020 ਦੇ 400 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਕੇਵਲ ਲਾਕਡਾਊਨ ਦੌਰਾਨ ਹੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।
ਸੰਧੂ ਨੇ ਦੱਸਿਆ ਕਿ ਬਹੁਕੌਮੀ ਕੰਪਨੀਆਂ ਵੱਲੋਂ 'ਵਰਸਿਟੀ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ 8.75 ਲੱਖ ਸਾਲਾਨਾ ਤਨਖ਼ਾਹ ਦੇ ਐਵਰੇਜ਼ ਪੈਕੇਜ਼ ਦੀ ਪੇਸ਼ਕਸ਼ ਦਿੱਤੀ ਗਈ ਹੈ ਜਦਕਿ 35 ਕੰਪਨੀਆਂ ਅਜਿਹੀਆਂ ਨਾਲ ਜਿਨ੍ਹਾਂ ਵੱਲੋਂ 10 ਲੱਖ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਸਿਖਲਾਈ ਦੌਰਾਨ 1 ਲੱਖ ਰੁਪਏ ਤੱਕ ਦਾ ਉਚ ਵਜ਼ੀਫ਼ਾ-ਭੱਤਾ (ਸਟਾਈਪੈਂਡ) ਵੀ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਲਮਾਰਟ ਲੈਬਜ਼ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ 90 ਹਜ਼ਾਰ ਦਾ ਸਟਾਈਪੈਂਡ, ਮੌਰਗਨ ਸਟੈਨਲੇਅ ਇੰਡੀਆ ਵੱਲੋਂ 87 ਹਜ਼ਾਰ, ਮਾਈਕਾਰਮਾ ਵੱਲੋਂ 70 ਹਜ਼ਾਰ, ਐਮਾਜ਼ੌਨ, ਅਪਲਾਈਡ ਮਟੀਰੀਅਲ, ਬੀ.ਐਨ.ਵਾਈ ਮੈਲਨ ਵੱਲੋਂ 60 ਹਜ਼ਾਰ ਜਦਕਿ ਆਰ.ਟੀ ਕੈਂਪ ਸਲਿਊਸ਼ਨਜ਼, ਨਿਊਟੈਨਿਕਸ ਇੰਡੀਆ (ਸਪੋਰਟ ਰੋਲ), ਨਿਊਟੈਨਿਕਸ (ਡਿਵੈਲਪਰ ਰੋਲ) ਅਤੇ ਰਿੱਗ ਨੈਨੋਸਿਸਟਮਜ਼ ਵੱਲੋਂ 50-50 ਹਜ਼ਾਰ ਦਾ ਸਟਾਈਪੈਂਡ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ।
ਸੰਧੂ ਨੇ ਦੱਸਿਆ ਕਿ ਭਰਤੀ ਪ੍ਰੀਕਿਰਿਆ ਦੌਰਾਨ ਬੈਚ-2021 ਦੇ ਵਿਦਿਆਰਥੀਆਂ ਨੂੰ 4 ਕੰਪਨੀਆਂ ਵੱਲੋਂ 30 ਤੋਂ ਵੱਧ, 3 ਕੰਪਨੀਆਂ ਵੱਲੋਂ 25 ਤੋਂ 30 ਲੱਖ, 6 ਕੰਪਨੀਆਂ ਵੱਲੋਂ 20 ਤੋਂ 25 ਲੱਖ, 7 ਕੰਪਨੀਆਂ ਵੱਲੋਂ 15 ਤੋਂ 20 ਲੱਖ, 14 ਕੰਪਨੀਆਂ ਵੱਲੋਂ 10 ਤੋਂ 15 ਲੱਖ ਅਤੇ 65 ਕੰਪਨੀਆਂ ਵੱਲੋਂ 5 ਤੋਂ 10 ਲੱਖ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਬੈਚ 2021 ਦੀ ਪਲੇਸਮੈਂਟ ਲਈ ਪਹੁੰਚੀਆਂ 10 ਪ੍ਰਮੁੱਖ ਕੰਪਨੀਆਂ ਅਤੇ ਪੈਕੇਜਾਂ ਦੀ ਜਾਣਕਾਰੀ ਦਿੰਦਿਆਂ ਸ. ਸੰਧੂ ਨੇ ਦੱਸਿਆ ਕਿ ਕੋਡ ਨੇਸ਼ਨ ਵੱਲੋਂ ਬੀ.ਟੈਕ ਅਤੇ ਐਮ.ਟੈਕ ਦੇ ਖੇਤਰਾਂ 'ਚ 31 ਲੱਖ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਗਈ ਹੈ ਜਦਕਿ ਐਮਾਜ਼ੌਨ ਵੱਲੋਂ 30.25 ਐਲ.ਪੀ.ਏ, ਮੌਰਗਨ ਸਟੈਨਲੇਅ ਵੱਲੋਂ 25.33 ਲੱਖ, ਸਰਵਿਸਿਜ਼ਨਾਓ ਸਾਫ਼ਟਵੇਅਰ ਵੱਲੋਂ 25 ਲੱਖ, ਨਿਊਟੈਨਿਕਸ (ਡਿਵੈਲਪਰ ਰੋਲ), ਵਾਲਮਾਰਟ ਲੈਬਜ਼, ਗੋਲਡਮੈਨ ਸਚ ਸਰਵਿਸਿਜ਼, ਅਵਾਲਾਰਾ ਟੈਕਨਾਲੋਜੀ ਵੱਲੋਂ 22 ਲੱਖ, ਬੀ.ਐਨ.ਵਾਈ ਮੈਲਨ ਵੱਲੋਂ 21 ਲੱਖ ਅਤੇ ਨਿਊਟੈਨਿਕਸ ਇੰਡੀਆ ਟੈਕਨਾਲੋਜੀ ਵੱਲੋਂ 20 ਲੱਖ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਵਿਦਿਆਰਥੀਆਂ ਨੂੰ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਆਈ.ਟੀ, ਇੰਜੀਨੀਅਰਿੰਗ, ਕੋਰ, ਮੈਨੂਫੈਕਚਰਿੰਗ, ਈ-ਕਮਰਸ, ਸੈਰ-ਸਪਾਟਾ ਅਤੇ ਪ੍ਰਹੁਣਚਾਰੀ, ਫਾਰਮਾ, ਬਾਇਓਟੈਕ, ਹੈਲਥਕੇਅਰ, ਆਟੋ, ਸਾਫ਼ਟਵੇਅਰ ਪ੍ਰੋਡਕਟ, ਕੈਮੀਕਲ, ਪ੍ਰਿੰਟ ਅਤੇ ਡਿਜੀਟਲ ਮੀਡੀਆ, ਟੈਲੀਕਾੱਮ ਆਦਿ ਖੇਤਰਾਂ ਨਾਲ ਸਬੰਧਿਤ ਅਦਾਰਿਆਂ ਵੱਲੋਂ 'ਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ।
ਇਸ ਮੌਕੇ ਨਿਊਟੈਨਿਕਸ ਵੱਲੋਂ 18.5 ਲੱਖ ਸਾਲਾਨਾ ਤਨਖ਼ਾਹ 'ਤੇ ਚੁਣੇ ਗਏ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਅਦਿੱਤਿਆ ਸ਼ਰਮਾ (ਅੰਮ੍ਰਿਤਸਰ) ਨੇ ਆਪਣੀ ਪਲੇਸਮੈਂਟ ਸਫ਼ਲਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਵਰਸਿਟੀ ਵੱਲੋਂ ਕੋਰਸ ਦੀ ਸ਼ੁਰੂਆਤ ਵੇਲੇ ਤੋਂ ਦਿੱਤੀ ਜਾਂਦੀ ਉਚ ਕੋਟੀ ਦੀ ਪ੍ਰੀ-ਪਲੇਸਮੈਂਟ ਸਿਖਲਾਈ ਸਦਕਾ ਉਹ ਇੰਟਰਵਿਯੂ ਦੌਰਾਨ ਇੰਡਸਟਰੀ ਮਾਹਿਰਾਂ ਅੱਗੇ ਬਿਹਤਰ ਪ੍ਰਫੈਸ਼ਨਲ ਨਜ਼ਰੀਆ ਅਤੇ ਕਾਰਗੁਜ਼ਾਰੀ ਵਿਖਾਉਣ 'ਚ ਸਫ਼ਲ ਰਿਹਾ ਹੈ। ਇਸ ਮੌਕੇ ਐਮਾਜ਼ੌਨ ਵੱਲੋਂ 30.2 ਲੱਖ ਸਾਲਾਨਾ ਤਨਖ਼ਾਹ 'ਤੇ ਚੁਣੇ ਗਏ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ 'ਵਰਸਿਟੀ ਵੱਲੋਂ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਗਿਆ ਪਾਠਕ੍ਰਮ ਅਤੇ ਇੰਡਸਟਰੀ ਗਠਜੋੜਾਂ ਤਹਿਤ 'ਵਰਸਿਟੀ ਵਿਖੇ ਸਥਾਪਿਤ ਕੀਤੀਆਂ ਲੈਬਾਂ, ਖੋਜ ਕੇਂਦਰਾਂ ਦੇ ਮਾਧਿਅਮ ਰਾਹੀਂ ਵਿਦਿਆਰਥੀ ਮਿਆਰੀ ਅਤੇ ਢੁੱਕਵੀਂ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ ਪਲੇਸਮੈਂਟ ਪ੍ਰੀਕਿਰਿਆ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ 'ਚ ਸਫ਼ਲ ਰਹੇ ਹਨ।
ਇਸ ਮੌਕੇ ਉੱਤਰਾਖੰਡ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਵਿਧੀ ਜ਼ੋਸ਼ੀ ਨੇ ਦੱਸਿਆ ਕਿ ਉਸਨੂੰ ਮਾਈਕ੍ਰੋਸਾਫ਼ਟ ਵੱਲੋਂ 10 ਲੱਖ ਸਾਲਾਨਾ ਤਨਖਾਹ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ। ਵਿਧੀ ਨੇ ਦੱਸਿਆ ਕਿ 'ਵਰਸਿਟੀ ਵੱਲੋਂ ਪ੍ਰੋਫੈਸ਼ਨਲ ਐਜੂਕੇਸ਼ਨ ਤੋਂ ਇਲਾਵਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਨੇ ਉਸਦੀ ਸਖ਼ਸ਼ੀਅਤ ਉਸਾਰੀ ਅਤੇ ਹੁਨਰ ਵਿਕਾਸ ਕਰਨ 'ਚ ਅਹਿਮ ਯੋਗਦਾਨ ਪਾਇਆ ਹੈ ਅਤੇ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾਂਦੀ 360 ਡਿਗਰੀ ਕਰੀਅਰ ਸਪੋਰਟ ਕਾਰਨ ਉਸ ਨੂੰ ਪਸੰਦੀਦਾ ਅਦਾਰੇ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸੰਧੂ ਨੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਇੱਕ ਪਾਸੇ ਜਿੱਥੇ ਰੋਜ਼ਗਾਰ ਪ੍ਰਾਪਤੀ ਵਿਸ਼ਵਵਿਆਪੀ ਪੱਧਰ 'ਤੇ ਚਣੌਤੀ ਬਣ ਗਈ ਸੀ ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਦੀ ਵਚਨਬੱਧਤਾ ਯਕੀਨੀ ਬਣਾਉਣ ਲਈ ਨਵੀਂਆਂ ਰਣਨੀਤੀਆਂ ਉਲੀਕੀਆਂ, ਜਿਨ੍ਹਾਂ ਯਤਨਾਂ ਦੀ ਬਦੌਲਤ ਵੱਡੀ ਗਿਣਤੀ ਇੰਡਸਟਰੀ ਵਿਦਿਆਰਥੀ ਪਲੇਸਮੈਂਟ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਜੁੜੀ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਗਠਜੋੜ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਰੋਜ਼ਗਾਰ ਨਾਲ ਜੋੜਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤੀ ਦੀ ਕਾਬਲ ਬਣਾਉਣ ਲਈ ਭਰਪੂਰ ਬਲ ਮਿਲਿਆ ਹੈ। ਇਨ੍ਹਾਂ ਗਠਜੋੜਾਂ ਸਦਕਾ ਸਾਡੇ ਸਿਲੇਬਸ ਇੰਡਸਟਰੀ ਦੀ ਲੋੜ ਅਨੁਸਾਰ ਤਿਆਰ ਕੀਤਾ ਜਾ ਰਹੇ ਹਨ ਅਤੇ ਅਤਿ ਆਧੁਨਿਕ ਵਿਸ਼ਿਆਂ ਦੀ ਸਿਖਲਾਈ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਦਯੋਗਿਕ ਲੀਡਰਸ਼ਿਪ ਵੱਲੋਂ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ ਜਦਕਿ ਵਿਸ਼ਵ ਪੱਧਰੀ ਢਾਂਚੇ ਦੀ ਸਥਾਪਤੀ ਲਈ ਵੀ ਇੰਡਸਟਰੀ ਵਡਮੁੱਲੀ ਸਹਾਇਤਾ ਪ੍ਰਦਾਨ ਕਰਵਾ ਰਹੀ ਹੈ।