ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2020 - ਆਮ ਲੋਕਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਵਾਲੀ ਮਾਨਸਾ ਪੁਲਿਸ ਹੁਣ ਯੋਗ ਮਾਹਰਾਂ ਦੇ ਇਸ਼ਾਰਿਆਂ ਨੇ ਨੱਚਣ ਲੱਗੀ ਹੈ। ਮਾਮਲਾ ਪੁਲਿਸ ਮੁਲਾਜ਼ਮਾਂ ਦੀ ਸਿਹਤ ਨਾਲ ਜੁੜਿਆ ਹੈ ਜਿਸ ਕਰਕੇ ਪੁਲਿਸ ਦੇ ਉੱਚ ਅਫਸਰਾਂ ਨੇ ਹੁਣ ਯੋਗ ਦਾ ਸਹਾਰਾ ਤੱਕਿਆ ਹੈ। ਪੁਲਿਸ ਅਫਸਰਾਂ ਦੀ ਸੋਚ ਹੈ ਕਿ ਪਿੱਛੇ ਜਿਹੇ ਚੱਲੀ ਕੋਵਿਡ-19 ਸਬੰਧੀ ਲਗਾਤਾਰ ਡਿਊਟੀ ਤੋਂ ਪ੍ਰਭਾਵਿਤ ਹੋਏ ਪੁਲਿਸ ਮੁਲਾਜ਼ਮਾਂ ਦੀ ਸਿਹਤ ਸੰਭਾਲ ਅਤੇ ਉਹਨਾਂ ਦਾ ਤਣਾਅ ਦੂਰ ਕਰਨਾ ਜਰੂਰੀ ਹੈ। ਉਂਜ ਵੀ ਵਾਤਾਵਰਨ ’ਚ ਫੈਲੇ ਪ੍ਰਦੂਸ਼ਣ ਕਾਰਨ ਜਿੱਥੇ ਆਮ ਆਦਮੀ ਦੀ ਸਿਹਤ ਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲੇ ਹਨ ਉੱਥੇ ਹੀ ਸਮਾਜਿਕ ਤਾਣੇ ਬਾਣੇ ’ਚ ਆਏ ਵਿਗਾੜ ਤੋਂ ਪੁਲਿਸ ਵੀ ਬਚ ਨਹੀਂ ਸਕੀ ਹੈ। ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾਂ ਦੀ ਪਹਿਲਕਦਮੀ ਤੇ ਐਸਪੀ ਸਥਾਨਕ ਸਤਨਾਮ ਸਿੰਘ ਅਤੇ ਡੀਐਸਪੀ ਸਥਾਨਕ ਮਨੋਜ ਗੋਰਸੀ ਦੀ ਅਗਵਾਈ ਹੇਠ ਯੋਗ ਮਾਹਿਰ ਯਾਦਵਿੰਦਰ ਸਿੰਘ ਵੱਲੋਂ ਯੋਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ।
ਪੁਲਿਸ ਲਾਈਨ ਮਾਨਸਾ ਦੇ ਮੈਦਾਨ ‘ਚ ਪੁਲਿਸ ਮੁਲਾਜ਼ਮਾਂ ਨੂੰ ‘ਸਿਹਤ ਹੈ ਤਾਂ ਸਭ ਕੁਝ ਹੈ ਦਾ ਸੁਨੇਹਾ ਦੇਣ ਲਈ’ ਲਾਏ ਯੋਗ ਕੈਂਪ ’ਚ ਰੋਜਾਨਾਂ 200 ਤੋਂ 250 ਪੁਲਿਸ ਮੁਲਾਜ਼ਮ ਰੋਜਾਨਾਂ ਯੋਗ ਅਭਿਆਸ ਕਰਦੇ ਹਨ ਜਿਹਨਾਂ ’ਚ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਐਸਪੀ ਸਥਾਨਕ ਸਤਨਾਮ ਸਿੰਘ ਨੇ ਯੋੋਗ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੁਲਿਸ ਦੀ ਡਿਊਟੀ ਕਾਫ਼ੀ ਚੁਣੌੌਤੀ ਅਤੇ ਤਣਾਅਪੂਰਨ ਰਹਿੰਦੀ ਹੈ ਜਿਸ ਤੋਂ ਮੁਕਤੀ ਪਾਉਣ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਇਹ ਪ੍ਰੋਗਰਾਮ ਲਾਹੇਵੰਦ ਰਹੇਗਾ। ਉਹਨਾਂ ਕਿਹਾ ਕਿ ਅੱਜ-ਕੱਲ ਦੀ ਦੌੜ-ਭੱਜ ਵਾਲੀ ਜ਼ਿੰਦਗੀ ’ਚ ਯੋੋੋਗ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਹੁਤ ਹੀ ਫਾਇਦੇਮੰਦ ਹੈ। ਉਹਨਾਂ ਦੱਸਿਆ ਕਿ ਕੋਵਿਡ 19 ਕਾਰਨ ਪੁਲਿਸ ਮੁਲਾਜ਼ਮਾਂ ਦੀ ਅਮਿਊਨਟੀ ਵਧਾਉਣ ਲਈ ਵੀ ਯੋਗ ਕਲਾਸਾਂ ਦੀ ਸ਼ਰੂਆਤ ਕੀਤੀ ਗਈ ਹੈ। ਪੁਲਿਸ ਅਫਸਰ ਵੀ ਆਖਦੇ ਹਨ ਕਿ ਮੁਲਾਜਮਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਅਮਲ ਜਾਰੀ ਰੱਖਿਆ ਜਾਏਗਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਦੇ ਕੰਮ ਕਾਜ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਮਾਨਸਿਕ ਦਬਾਅ ਰਹਿੰਦਾ ਹੈ ਜਿਸ ਨਾਲ ਉਨਾਂ ਦੀ ਸ਼ਰੀਰਕ ਸਮਰੱਥਾ ਤੇ ਵੀ ਅਸਰ ਪੈਂਦਾ ਹੈ। ਇਸ ਯੋਗ ਸਮਾਗਮ ਉਪਰੰਤ ਪੁਲਿਸ ਕਰਮੀਆਂ ‘ਚ ਇਸ ਪ੍ਰੋਗਰਾਮ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਲਾਂਕਿ ਇਕਦਮ ਸ਼ਰੀਰ ਨੂੰ ਕਸ਼ਟਦਾਇਕ ਸਥਿਤੀ ‘ਚ ਲਿਜਾਣ ਵੇਲੇ ਕੁਝ ਮੁਲਾਜਮਾਂ ਨੂੰ ਔਕੜਾਂ ਵੀ ਆਈਆਂ ਹਨ। ਪੁਲਿਸ ਮੁਲਾਜ਼ਮਾਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਇਹ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਦੀ ਮੰਗ ਵੀ ਰੱਖੀ ਹੈ। ਪੁਲਿਸ ਕਰਮਚਾਰੀਆਂ ਨੇ ਭਵਿੱਖ ‘ਚ ਯੋਗ ਮਾਹਰਾਂ ਦੀ ਸਲਾਹ ਰਾਹੀਂ ਸਿਹਤ ਪ੍ਰਤੀ ਗੰਭੀਰ ਰਹਿਣ ਬਾਰੇ ਕਿਹਾ ਹੈ। ਮੁਲਾਜ਼ਮ ਆਖਦੇ ਹਨ ਕਿ ਭੱਜ ਦੌੜ ਭਰੀ ਇਸ ਜਿੰਦਗੀ ’ਚ ਸਿਹਤ ਨਿਆਮਤ ਹੈ ਜਿਸ ਲਈ ਉਨਾਂ ਅੱਜ ਦੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਹੈ। ਗੌਰਤਲਬ ਹੈ ਕਿ ਯੋਗ ਮਾਹਿਰ ਵੱਲੋਂ ਸਵੇਰੇ 6.30 ਵਜੇ ਤੋਂ 8 ਵਜੇ ਤੱਕ ਵੱਖ ਵੱਖ ਤਰਾਂ ਦੇ ਯੋਗ ਆਸਣ ਕਾਰਵਾਏ ਜਾ ਰਹੇ ਹਨ।
ਮੁਲਾਜ਼ਮਾਂ ਦੀ ਸਿਹਤ ਦਾ ਫਿਕਰ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਲੱਗੀਆਂ ਲੰਮੀਆਂ ਡਿਊਟੀਆਂ ਅਮਨ ਕਾਨੂੰਨ ਦੀ ਬਹਾਲੀ, ਪੜਤਾਲਾਂ ਅਤੇ ਪੁਲਿਸ ਮਹਿਕਮੇ ਨਾਲ ਸਬੰਧਤ ਕੰਮ ਕਾਜ ਕਾਰਨ ਪੁਲਿਸ ਮੁਲਾਜ਼ਮ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਪਾ ਰਹੇ ਸਨ ਜਿਸ ਕਰਕੇ ਇਹ ਯੋਗ ਕੈਂਪ ਲਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੁਲਿਸ ਆਪਣੇ ਮੁਲਾਜ਼ਮਾਂ ਦੀ ਸਿਹਤ ਪ੍ਰਤੀ ਚੌਕਸ ਹੈ ਤੇ ਅੱਜ ਦੇ ਯੋਗ ਪ੍ਰੋਗਰਾਮ ਦੀ ਬਦੌਲਤ ਪੁਲਿਸ ਕਰਮੀਆਂ ਦਾ ਤਣਾਅ ਦੂਰ ਹੋਵੇਗਾ ਤੇ ਉਨ੍ਹਾਂ ‘ਚ ਤਰੋਤਾਜਗੀ ਵੀ ਆਵੇਗੀ ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਦੀ ਸਿਹਤ ਸੰਭਾਲ ਉਨ੍ਹਾਂ ਦਾ ਟੀਚਾ ਹੈ ਅਤੇ ਉਮੀਦ ਹੈ ਕਿ ਇਸ ਕੈਂਪ ਨਾਲ ਪੁਲਿਸ ਨੂੰ ਲਾਹਾ ਮਿਲੇਗਾ।
ਹਾਈਕੋਰਟ ਦੀ ਨਰਾਜਗੀ ਦੇ ਚਰਚੇ
ਕੁੱਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੁਲਿਸ ਮੁਲਾਜਮਾਂ ਦੀ ਫਿੱਟਨੈਸ ਸਬੰਧੀ ਜਤਾਈ ਨਰਾਜਗੀ ਕਾਰਨ ਇਸ ਯੋਗ ਕੈਂਪ ਲੱਗਣ ਦੇ ਚਰਚੇ ਹਨ। ਜਾਣਕਾਰੀ ਅਨੁਸਾਰ ਹਾਈਕੋਰਟ ’ਚ ਕਿਸੇ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਕਰਮਚਾਰੀਆਂ ਦੇ ਅਣਫਿੱਟ ਹੋਣ ਦੀ ਗੱਲ ਸਾਹਮਣੇ ਆਈ ਸੀ। ਐਸਪੀ ਸਥਾਨਕ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲਿਸ ਨਫਰੀ ਦੀ ਸਿਹਤ ਪ੍ਰਤੀ ਗੰਭੀਰ ਹੈ ਜਿਸ ਕਰਕੇ ਇਹ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਇਸ ਮਾਮਲੇ ਪਿੱਛੇ ਅਦਾਲਤ ਵੱਲੋਂ ਨਰਾਜ ਹੋਣ ਦੇ ਤੱਥਾਂ ਨੂੰ ਨਕਾਰਿਆ ਹੈ।
ਸਲਾਨਾ ਮੈਡੀਕਲ ’ਚ ਬਿਮਾਰੀਆਂ ਦੇ ਤੱਥ
ਪੁਲਿਸ ਵੱਲੋਂ ਮੁਲਾਜ਼ਮਾਂ ਦੇ ਸਲਾਨਾ ਮੈਡੀਕਲ ਕਰਵਾਉਣ ਦੌਰਾਨ ਕਈ ਗੰਭੀਰ ਤੱਥ ਸਾਹਮਣੇ ਆਏ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਦੇ ਕਾਫੀ ਮੁਲਾਜ਼ਮ ‘ਬਲੱਡ ਪ੍ਰੈਸ਼ਰ’, ਪਿੱਠ ਦਰਦ ,ਗੋਡਿਆਂ ਦੇ ਰੋਗ , ਪੀਲੀਆ ਅਤੇ ਹਾਈਪ੍ਰਟੈਨਸ਼ਨ ਦੇ ਮਰੀਜ ਹਨ । ਸਿਹਤ ਮਾਹਿਰਾਂ ਨੇ ਦੱਸਿਆ ਹੈ ਕਿ ‘ਬਲੱਡ ਪ੍ਰੈਸ਼ਰ’ ਦਾ ਮੁੱਖ ਕਾਰਨ ਤਣਾਅ ਅਤੇ ਬਹੁਤਾ ਕੰਮ ਹੈ । ਪਤਾ ਲੱਗਿਆ ਹੈ ਕਿ ਕਈ ਮੁਲਾਜ਼ਮ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ ਜਦੋਂਕਿ ਕਈਆਂ ਦੀ ਦਵਾਈ ਪ੍ਰਾਈਵੇਟ ਹਸਪਤਾਲਾਂ ਤੋਂ ਚੱਲਦੀ ਹੈ। ਕੁਝ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਨੂੰ ਕੰਮ ਦੇ ਮੁਕਾਬਲੇ ਅਰਾਮ ਘੱਟ ਮਿਲਦਾ ਹੈ।