ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹਾ ਮੈਜਿਸਟਰੇਟ ਨੇ ਦੀਵਾਲੀ ਅਤੇ ਗੁਰਪੁਰਬ ਤੇ ਪਟਾਖੇ ਚਲਾਉਣ ਸੰਬੰਧੀ ਹਦਾਇਤਾਂ/ਹੁਕਮ ਕੀਤੇ ਜਾਰੀ
- ਨਿਸ਼ਚਤ ਤਾਰੀਖ ਅਤੇ ਸਮੇਂ ਤੇ ਹੀ ਚੱਲ ਸਕਣਗੇ ਪਟਾਖੇ
- ਨਿਰਧਾਰਿਤ ਅਵਾਜ ਅੰਦਰ ਹੀ ਫਾਇਰ ਕਰੈਕਰਜ਼ / ਪਟਾਖੇ ਚਲਾਉਣ ਦੀ ਆਗਿਆ
- ਨਿਰਦੇਸ਼ਾਂ ਦੀ ਪਾਲਣਾ ਸਮੂਹ ਉਪ ਮੰਡਲ ਮੈਜਿਸਟਰੇਟਜ਼ ਅਤੇ ਪੁਲਿਸ ਵਿਭਾਗ ਬਣਾਉਣਗੇ ਯਕੀਨੀ
ਐਸ ਏ ਐਸ ਨਗਰ, 27 ਅਕਤੂਬਰ 2020 - ਮਾਨਯੋਗ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਪਟਾਖੇ ਚਲੀਉਣ ਸੰਬੰਧੀ ਜ਼ਿਲ੍ਹਾ ਮੈਜਿਸਟਰੇਟ ਐੱਸ ਏ ਐੱਸ ਨਗਰ ਵੱਲੋਂ ਵਿਸਥਾਰਤ ਹਦਾਇਤਾਂ/ਹੁਕਮ ਜਾਰੀ ਕੀਤੇ ਗਏ ਹਨ ।
ਦੀਵਾਲੀ ਦਾ ਤਿਉਹਾਰ ਦੇਸ਼ ਵਿਚ 14 ਨਵੰਬਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ 30 ਨਵੰਬਰ ਨੂੰ ਮਨਾਇਆ ਜਾਣਾ ਹੈ। ਇਨ੍ਹਾਂ ਤਿਉਹਾਰਾਂ ਦੇ ਮੱਦੇ ਨਜ਼ਰ ਗਿਰੀਸ਼ ਦਿਆਲਨ, ਜ਼ਿਲ੍ਹਾ ਮੈਜਿਸਟਰੇਟ , ਐਸ.ਏ.ਐਸ.ਨਗਰ ਨੇ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਮਿਤੀ 14-11-2020 ਨੂੰ ਸ਼ਾਮ 08:00 ਵਜੇ ਤੋਂ 10:00 ਵਜੇ ਤੱਕ ਅਤੇ ਮਿਤੀ 30-11-2020 ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 04:00 ਵਜੇ ਤੋਂ 05:00 ਵਜੇ ਤੱਕ ਅਤੇ ਸ਼ਾਮ 09:00 ਵਜੇ ਤੋਂ 10:00 ਵਜੇ ਤੱਕ ਨਿਰਧਾਰਿਤ ਅਵਾਜ ਅੰਦਰ ਹੀ ਫਾਇਰ ਕਰੈਕਰਜ਼ /ਪਟਾਖਿਆਂ ਚਲਾਉਣ ਦੀ ਆਗਿਆ ਹੋਵੇਗੀ ।
ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਵੀ ਵਸਨੀਕ ਫਾਇਰ ਕਰੈਕਰਜ਼ /ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਕਰੇਗਾ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼ /ਪਟਾਖਿਆਂ ਸਟੋਰ/ਭੰਡਾਰ ਨਹੀਂ ਕਰੇਗਾ ਅਤੇ ਬਿਨ੍ਹਾ ਲਾਇਸੰਸ ਤੋਂ ਵਿਕਰੀ ਨਹੀਂ ਕਰੇਗਾ।
ਨਿਰਦੇਸ਼ਾਂ ਦੀ ਪਾਲਣਾ ਪੁਲਿਸ ਵਿਭਾਗ, ਸਮੂਹ ਉਪ ਮੰਡਲ ਮੈਜਿਸਟਰੇਟਜ਼,ਸਬੰਧਤ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਯਕੀਨੀ ਬਣਾਉਣਗੇ ਅਤੇ ਲੋਂੜੀਦੇ ਪ੍ਰਬੰਧ ਕਰਨਗੇ। ਪਟਾਖਿਆਂ ਦੀ ਵੇਚ ਸੰਬੰਧੀ ਜਲਣਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੰਸ ਹੋਣਾ ਜਰੂਰੀ ਹੈ । ਪਟਾਖੇ/ ਫਾਇਰ ਕਰੈਕਰਜ਼ ਦੀ ਵਿਕਰੀ ਜਿਲ੍ਹੇ ਵਿਚ ਕੇਵਲ ਨਿਰਧਾਰਿਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ। ਇਹ ਹੁਕਮ ਮਿਤੀ 01-12-2020 ਤੱਕ ਲਾਗੂ ਰਹੇਗਾ ।