ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2020 - ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਐਸ.ਐਲ.ਏ. ਸਾਥੀਆਂ ਦੀਆਂ ਲੱਗੀਆਂ ਕੋਵਿਡ-19 ਦੀਆਂ ਡਿਊਟੀਆਂ ਦੇ ਸੰਬੰਧ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਐਸ.ਐਲ.ਏ. ਸਾਥੀਆਂ ਦੀਆਂ ਕੋਵਿਡ-19 ਸੈੱਲ ਵਿੱਚ ਫੋਨ ਕਾੱਲਿੰਗ 'ਤੇ ਡਿਊਟੀਆਂ ਲੱਗੀਆਂ ਹਨ, ਪਰ ਉਨ੍ਹਾਂ ਦੇ ਸਾਥੀਆਂ 'ਤੇ ਆਨਲਾਈਨ ਡਾਟਾ ਐਂਟਰੀ ਦਾ ਕੰਮ ਕਰਨ ਦਾ ਦਬਾਅ ਵੀ ਬਣਾਇਆ ਜਾ ਰਿਹਾ ਹੈ, ਜਿਸ ਬਾਰੇ ਉਹ ਪੂਰੀ ਤਕਨੀਕੀ ਜਾਣਕਾਰੀ ਨਹੀਂ ਰੱਖਦੇ। ਉਹਨਾਂ ਕਿਹਾ ਕਿ ਆਨਲਾਈਨ ਡਾਟਾ ਐਂਟਰੀ ਦਾ ਕੰਮ ਕੰਪਿਊਟਰ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਡਾਟਾ ਐਂਟਰੀ ਆਪਰੇਟਰਾਂ ਤੋਂ ਹੀ ਲੈਣਾ ਚਾਹੀਦਾ ਹੈ।
ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਦੱਸਿਆ ਕਿ ਕੋਵਿਡ-19 ਸੈੱਲ ਵਿੱਚ ਡਿਊਟੀ ਕਰ ਰਹੇ ਬਹੁਤ ਸਾਰੇ ਐਸ.ਐਲ.ਏ. ਸਾਥੀਆਂ ਦੀ ਬੀ.ਐਲ.ਓ. ਡਿਊਟੀ ਵੀ ਲੱਗੀ ਹੋਈ ਹੈ ਅਤੇ ਹੁਣ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।ਜਿਲ੍ਹਾ ਕਮੇਟੀ ਮੈਂਬਰ ਜਗਦੀਪ ਸਿੰਘ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਦੇ ਕਈ ਸਾਥੀ 60 ਕਿਲੋਮੀਟਰ ਤੋਂ ਵੀ ਜਿਆਦਾ ਦਾ ਸਫ਼ਰ ਤੈਅ ਕਰ ਕੇ ਡਿਊਟੀ ਕਰਨ ਲਈ ਆ ਰਹੇ ਹਨ।
ਅਖੀਰ ਵਿੱਚ ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਸਾਥੀਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਜਥੇਬੰਦੀ ਜਲਦ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਸਾਥੀਆਂ ਨੂੰ ਡਿਊਟੀ ਦੌਰਾਨ ਆ ਰਹੀਆਂ ਇਨ੍ਹਾਂ ਦਿੱਕਤਾਂ ਨੂੰ ਦੂਰ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਇਸ ਮੌਕੇ 'ਤੇ ਗੁਰਦੀਪ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਨਥਾਣਾ, ਪਰਦੀਪ ਸਿੰਘ, ਹਰਬੰਸ ਸਿੰਘ, ਮਨਵਿੰਦਰ ਪਾਲ, ਅਮਰਜੀਤ ਜਲਾਲ, ਸੁਰਿੰਦਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਰਾਜਵੰਤ ਸਿੰਘ, ਦਵਿੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਮੌਕੇਸ਼ ਕੋੜਾ ਹਾਜਰ ਸਨ।