- ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਅਤੇ ਪੋਸ਼ਣ ਮੁਹਿੰਮ ਦੇ ਕਾਰਜਾਂ ਦੀ ਸਮੀਖਿਆ ਕਰਕੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 27 ਅਕਤੂਬਰ 2020 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਅਤੇ ਪੋਸ਼ਣ ਮੁਹਿੰਮ ਤਹਿਤ ਕੀਤੇ ਗਏ ਕਾਰਜ਼ਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੱਚੀਆਂ ਨੂੰ ਪੌਸ਼ਟਿਕ ਖੁਰਾਕ ਮਿਲਣਾ ਉਨ੍ਹਾਂ ਦਾ ਅਧਿਕਾਰ ਹੈ ਇਸ ਲਈ ਸਿਹਤ, ਸਿੱਖਿਆ ਅਤੇ ਬਾਲ ਵਿਕਾਸ ਵਿਭਾਗ ਅਤੇ ਜਲ ਸਪਲਾਈ ਵਿਭਾਗ ਨੂੰ ਮਿਲ ਕੇ ਸੰਯੁਕਤ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਹਰ ਵਿਅਕਤੀ ਨੂੰ ਪੌਸ਼ਟਿਕ ਅਤੇ ਸਹੀ ਤੱਤਾਂ ਵਾਲੀ ਸਾਫ ਸੁਥਰੀ ਖੁਰਾਕ ਪ੍ਰਾਪਤ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਵੀ ਵਿਭਾਗ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਪ੍ਰਚਾਰਿਤ ਕੀਤਾ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੋਵਿਡ-19 ਦੇ ਦੌਰ ਵਿੱਚ ਆਂਗਣਵਾੜੀ ਵਰਕਰ ਕਮਿਊਨਿਟੀ ਬੂਸਟ ਕਰਨ ਵਾਲੇ ਖਾਣ-ਪੀਣ ਦੀਆਂ ਵਸਤਾਂ ਸਬੰਧੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 202 ਨਵਜੰਮੀਆਂ ਬੱਚੀਆਂ ਦੇ ਨਾਮ ’ਤੇ ਨੇਮ ਪਲੇਟਾਂ ਉਨ੍ਹਾਂ ਦੇ ਘਰਾਂ ਬਾਹਰ ਲਗਾਈਆਂ ਗਈਆਂ ਹਨ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਦੇ ਲੋਗੋ ਵਾਲੇ 600 ਬੈਗ ਆਂਗਣਵਾੜੀ ਵਰਕਰਾਂ ਨੂੰ ਵੰਡੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਮੈਰਿਟ ਦੇ ਆਧਾਰ ’ਤੇ ਸੇਵਾ ਨਿਭਾਅ ਰਹੀਆਂ 17 ਲੜਕੀਆਂ ਨੂੰ ਵੀ ਸਰਟੀਫਿਕੇਟ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ’ਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਕੁਮਾਰ, ਡੀ.ਡੀ.ਐਫ ਪੀਊਸ਼ ਗੋਇਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਸੁਪਰਡੈਂਟ ਹੋਮਜ਼ ਵੀ ਹਾਜ਼ਰ ਸਨ।