ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2020 - ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪੰਜਾਬ, ਬਠਿੰਡਾ ਰੇਂਜ ਨਰਿੰਦਰ ਭਾਰਗਵ ਨੇ 'ਚੌਕਸ ਭਾਰਤ, ਖੁਸ਼ਹਾਲ ਭਾਰਤ' ਦੇ ਨਾਮ 'ਤੇ ਮਨਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਆਪਣੇ ਦਫ਼ਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਪ੍ਰਤੀ ਸਹੁੰ ਚੁੱਕਾ ਕੇ ਕਰਵਾਈ।
ਇਸ ਮੌਕੇ ਨਰਿੰਦਰ ਭਾਰਗਵ ਨੇ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਪ੍ਰਤੀ ਸਹੁੰ ਚੁਕਾਉਂਦਿਆਂ ਕਿਹਾ ਕਿ ਅਸੀਂ ਭਾਰਤ ਦੇ ਲੋਕ ਸੇਵਕ ਸੱਚੇ ਦਿਲੋ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਹਰੇਕ ਕਾਰਜ ਖੇਤਰ ਵਿਚ ਇਮਾਨਦਾਰੀ ਅਤੇ ਪਾਰਦਸ਼ਤਾ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਾਂਗੇ। ਉਨਾਂ ਕਿਹਾ ਕਿ ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਅਸੀਂ ਜੀਵਨ ਦੇ ਹਰ ਖੇਤਰ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪ੍ਰਤੀਬੱਧਤਾ ਨਾਲ ਕੰਮ ਕਰਾਂਗੇ।
ਇਸ ਤੋਂ ਇਲਾਵਾ ਭਾਰਗਵ ਨੇ ਕਿਹਾ ਕਿ ਅਸੀਂ ਆਪਣੇ ਇਰਾਦੇ ਦੀ ਤਰੱਕੀ ਅਤੇ ਸ਼ਾਖ ਲਈ ਪੂਰੇ ਸੁਚੇਤ ਰਹਿੰਦੇ ਹੋਏ ਕੰਮ ਕਰਾਂਗੇ। ਉਨਾਂ ਕਿਹਾ ਕਿ ਅਸੀਂ ਸਮੂਹਿਕ ਯਤਨਾਂ ਰਾਹੀਂ ਆਪਣੇ ਅਦਾਰੇ ਨੂੰ ਗੌਰਵਸ਼ਾਲੀ ਬਣਾਵਾਗੇ ਤੇ ਦੇਸ਼-ਵਾਸੀਆਂ ਲਈ ਕਦਰਾਂ-ਕੀਮਤਾਂ 'ਤੇ ਅਧਾਰਿਤ ਸੇਵਾ ਪ੍ਰਦਾਨ ਕਰਾਂਗੇ ਤੇ ਆਪਣੇ ਕਰਤਵ ਦੀ ਪਾਲਣਾ ਪੂਰੀ ਇਮਾਨਦਾਰੀ ਤੇ ਭੈਅ ਜਾਂ ਪੱਖ਼ਪਾਤ ਤੋਂ ਬਿਨਾਂ ਕਰਾਂਗੇ।
ਇਸ ਸਮੇਂ ਉਨਾਂ ਇਹ ਵੀ ਕਿਹਾ ਕਿ ਰਿਸ਼ਵਤਖ਼ੋਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਦੋਵੇਂ ਹੀ ਕਾਨੂੰਨੀ ਜ਼ੁਰਮ ਹਨ। ਉਨਾਂ ਕਿਹਾ ਕਿ ਸਮਾਜ ਵਿੱਚ ਜਿੱਥੇ ਇਮਾਨਦਾਰੀ ਇੱਕ ਜੀਵਨਸ਼ੈਲੀ ਹੈ ਉੱਥੇ ਹੀ ਰਿਸ਼ਵਤ ਇੱਕ ਲਾਹਨਤ ਹੈ ਅਤੇ ਰਿਸ਼ਵਤਖ਼ੋਰੀ ਆਪਣੇ-ਆਪ ਤੇ ਦੇਸ਼ ਲਈ ਕਲੰਕ ਹੈ।
ਇਸ ਉਪਰੰਤ ਭਾਰਗਵ ਨੇ ਆਨ-ਲਾਇਨ ਈ-ਪਲੈਜ਼ ਰਾਹੀਂ ਵੱਖ-ਵੱਖ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਪ੍ਰਤੀ ਸਹੁੰ ਵੀ ਚੁਕਾਈ। ਆਨ-ਲਾਇਨ ਮੀਟਿੰਗ ਦੌਰਾਨ ਵੱਖ-ਵੱਖ ਦਫ਼ਤਰਾਂ ਦੇ ਅਧਿਕਾਰੀ ਤੇ ਕਰਮਚਾਰੀ ਤੇ ਉਨਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।