- ਕੈਬਨਿਟ ਮੰਤਰੀ ਨੂੰ ਲਿਖੇ ਮੈਮੋਰੰਡਮ ਵਿੱਚ ੨ ਦਿਨ ਦੀ ਸਮੂਹਿਕ ਛੁੱਟੀ ਤੇ ਜਾਣ ਦੀ ਚੇਤਾਵਨੀ
ਐਸ ਏ ਐਸ ਨਗਰ, 27 ਅਕਤੂਬਰ 2020 - ਪੁੱਡਾ ਅਤੇ ਇਸ ਨਾਲ ਸਬੰਧਿਤ ਸਾਰੀਆਂ ਅਥਾਰਿਟੀਆਂ ਦੇ ਸਮੂਹ ਇੰਜੀਨੀਅਰਜ਼ ਵਲੋਂ ਪੁੱਡਾ ਵਿੱਚ ਡੈਪੂਟੇਸ਼ਨ ਰਾਹੀਂ ਰੱਖੇ ਜਾ ਰਹੇ ਇੰਜੀਨੀਅਰਜ਼ ਵਿਰੁੱਧ ਮੋਰਚੇ ਦਾ ਐਲਾਨ ਕਰਦਿਆਂ ਇਸ ਲੜਾਈ ਨੂੰ ਲੜਨ ਲਈ ੭ ਮੈਂਬਰੀ ਸਪੈਸ਼ਲ "ਡੈਪੂਟੇਸ਼ਨ ਵਿਰੁੱਧ ਫਰੰਟ" ਦਾ ਗਠਨ ਕੀਤਾ ਹੈ। ਫਰੰਟ ਵਲੋਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਸਮੇਂ ਵਿੱਚ ਡੈਪੂਟੇਸ਼ਨ ਤੇ ਤੈਨਾਤ ਕੀਤੇ ਗਏ ਇੰਜੀਨੀਅਰਜ਼ ਵਲੋਂ ਰੱਜ ਕੇ ਲੁੱਟ ਖਸੁੱਟ ਅਤੇ ਕੁਰੱਪਸ਼ਨ ਕੀਤੀ ਗਈ ਸੀ, ਜਿਸ ਦੀ ਕਾਫੀ ਸਮੇਂ ਤੱਕ ਵਿਜੀਲੈਂਸ ਪੜਤਾਲ ਚੱਲਦੀ ਰਹੀ।ਇਸ ਦਾ ਖਮਿਅਜਾ ਮੁੱਖ ਤੌਰ ਤੇ ਪੁੱਡਾ ਦੇ ਮੂਲ ਇੰਜੀਨੀਅਰਜ਼ ਨੂੰ ਹੀ ਭੁਗਤਣਾ ਪਿਆ। ਇਹ ਦੌਰ ਪੁੱਡਾ ਅਤੇ ਪੁੱਡਾ ਦੇ ਮੂਲ ਇੰਜੀਨੀਅਰਜ਼ ਵਾਸਤੇ ਬਹੁਤ ਹੀ ਮਾੜਾ aਤੇ ਮਨੋਬਲ ਨੂੰ ਢਾਹ ਲਾਉਣ ਵਾਲਾ ਸੀ। ਵਰਤਮਾਨ ਵਿੱਚ ਪ੍ਰਸਾਸ਼ਨ ਵਲੋਂ ਕੀਤੇ ਜਾ ਰਹੇ ਹੁਕਮ ਅਤਿ ਖਤਰਨਾਕ ਅਤੇ ਪੁਰਾਣੇ ਦੌਰ ਨਾਲ ਮੇਲ ਖਾਂਦੇ ਹਨ। ਪੁੱਡਾ ਦੇ ਮੂਲ ਇੰਜੀਨੀਅਰਜ਼ ਅਜਿਹੇ ਸਮੇਂ ਨੂੰ ਦੁਬਾਰਾ ਭੁਗਤਣ ਲਈ ਤਿਆਰ ਨਹੀਂ ਹਨ।
ਵਰਨਣਯੋਗ ਹੈ ਕਿ ਹੋਰਨਾਂ ਮਹਿਕਮਿਆਂ ਦੇ ਇੰਜੀਨੀਅਰਜ਼ ਨੂੰ ਪੁੱਡਾ ਵਿੱਚ ਆਪਣੇ ਅਹੁਦੇ ਤੋਂ ਇੱਕ ਅਹੁਦਾ ਉੱਪਰ ਲਗਾਇਆ ਗਿਆ ਹੈ । ਫਰੰਟ ਵਲੋਂ ਲਿਖਿਆ ਗਿਆ ਹੈ ਕਿ ਜਿਹੜੀਆਂ ਆਸਾਮੀਆਂ ਤੇ ਹੋਰਨਾਂ ਮਹਿਕਮਿਆਂ ਦੇ ਜੂਨੀਅਰ ਪੱਧਰ ਦੇ ਇੰਜੀਨੀਅਰਜ਼ ਨੂੰ ਲਗਾਇਆ ਗਿਆ ਹੈ, ਉਹਨਾਂ ਅਹੁਦਿਆਂ ਲਈ ਪੁੱਡਾ ਦੇ ਮੂਲ ਇੰਜੀਨੀਅਰਜ਼ ਵੀ ਯੋਗਤਾ ਪੂਰੀ ਕਰਦੇ ਹਨ। ਫਰੰਟ ਵਲੋਂ ਕੈਬਨਿਟ ਮੰਤਰੀ ਨੂੰ ਦਿੱਤੇ ਗਏ ਪਿਛਲੇ ਪੱਤਰਾਂ ਦਾ ਹਵਾਲਾ ਦਿੰਦਿਆਂ ਲਿਖਿਆ ਗਿਆ ਹੈ ਕਿ ਉਹਨਾਂ ਵਲੋਂ ਇਸ ਸਬੰਧੀ ਭਰੋਸਾ ਦੇਣ ਦੇ ਬਾਵਜੂਦ ਵੀ ਪ੍ਰਸਾਸ਼ਨ ਵਲੋਂ ਪੁੱਡਾ ਦੇ ਮੂਲ ਇੰਜੀਨੀਅਰਜ਼ ਨੁੰ ਤਰਜੀਹ ਦੇਣ ਦੀ ਬਜਾਏ ਡੈਪੂਟੇਸ਼ਨ ਤੇ ਇੰਜੀਨੀਅਰਜ਼ ਨੂੰ ਬੁਲਾ ਲਿਆ ਗਿਆ।
ਫਰੰਟ ਵਲੋਂ ਕਿਹਾ ਗਿਆ ਹੈ ਕਿ ਡੈਪੂਟੇਸ਼ਨ ਤੇ ਆਉਣ ਵਾਲੇ ਇੰਜੀਨੀਅਰਜ਼ ਨੂੰ ਵਿਸ਼ੇਸ਼ ਤਰਜੀਹ ਦੇ ਕੇ ਕਿਸੇ ਹੋਰ ਅਥਾਰਿਟੀ ਵਿੱਚ ਤੈਨਾਤ ਕਰਨ ਦੀ ਬਜਾਏ ਗਮਾਡਾ ਵਿੱਚ ਹੀ ਤੈਨਾਤ ਕੀਤਾ ਜਾਂਦਾ ਹੈ ਅਤੇ ਸਾਰੇ ਨਿਯਮਾਂ ਨੂੰ ਅਣਗੌਲਿਆਂ ਕਰ ਕੇ ਉਹਨਾਂ ਨੂੰ ਵਿਸ਼ੇਸ਼ ਤਾਕਤਾਂ ਦੇ ਕੇ ਨਿਵਾਜਿਆ ਜਾਂਦਾ ਹੈ। ਫਰੰਟ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਡੈਪੂਟੇਸ਼ਨ ਤੇ ਆਏ ਇੰਜੀਨੀਅਰਜ਼ ਨੂੰ ਤੁਰੰਤ ਵਾਪਿਸ ਨਹੀਂ ਭੇਜਿਆ ਗਿਆ ਤਾਂ ਇਸ ਲੜਾਈ ਦਾ ਪਹਿਲਾ ਕਦਮ ਚੁੱਕਦੇ ਹੋਏ, ਸਾਰੇ ਪੰਜਾਬ ਵਿੱਚ ਤੈਨਾਤ ਪੁੱਡਾ ਦੇ ਇੰਜੀਨੀਅਰਜ਼, ਰੋਸ ਵਜੋਂ ੨੯ ਅਤੇ ੩੦ ਅਕਤੂਬਰ ਨੂੰ ਸਮੂਹਿਕ ਛੁੱਟੀ ਤੇ ਜਾਣਗੇ। ਇਸ ਸਮੇਂ ਫਰੰਟ ਦੇ ਮੈਬਰਾਂ ਵਜੋਂ ਇੰਜੀਨੀਅਰ ਨਵੀਨ ਕੰਬੋਜ, ਇੰਜੀਨੀਅਰ ਪ੍ਰੀਤਪਾਲ, ਇੰਜੀਨੀਅਰ ਰਣਦੀਪ ਸਿੰਘ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ, ਇੰਜੀਨੀਅਰ ਹੇਮੰਤ ਸਿੰਗਲਾ, ਇੰਜੀਨੀਅਰ ਅਨਮੋਲ ਸਿੰਘ ਸਮਰਾ ਅਤੇ ਇੰਜੀਨੀਅਰ ਜਰਮਨਜੋਤ ਸਿੰਘ ਹਾਜ਼ਰ ਸਨ।