- ਕੈਬਨਿਟ ਮੰਤਰੀ ਨੇ ਵਾਰਡ ਨੰਬਰ 47 ਦੀ ਬਲਬੀਰ ਕਲੋਨੀ ’ਚ ਹਨੇਰੇ ’ਚ ਰਹਿ ਰਹੇ ਲੋਕਾਂ ਦੇ ਘਰਾਂ ’ਚ ਬਿਜਲੀ ਦੇ ਮੀਟਰ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
- ਕਿਹਾ, ਕਲੋਨੀ ਦੇ ਨਿਵਾਸੀਆਂ ਨੂੰ ਮਿਲੇਗਾ ਜਮੀਨ ਦਾ ਮਾਲਕਾਨਾ ਹੱਕ
ਹੁਸ਼ਿਆਰਪੁਰ, 28 ਅਕਤੂਬਰ 2020 - ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਤਾ ਤੱਕ ਹਰ ਜ਼ਰੂਰੀ ਸੁਵਿਧਾ ਪਹੁੰਚਾਉਣ ਲਈ ਵਚਨਬੱਧ ਹੈ। ਉਹ ਬਲਬੀਰ ਕਲੋਨੀ ਦੇ ਉਨ੍ਹਾਂ ਘਰਾਂ ਵਿੱਚ ਬਿਜਲੀ ਦੇ ਮੀਟਰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਰਹੇ ਸਨ, ਜੋ ਹੁਣ ਤੱਕ ਹਨੇਰੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸਨ। ਇਸ ਦੌਰਾਨ ਕਲੋਨੀ ਦੇ ਲੋਕਾਂ ਨੇ ਕੈਬਨਿਟ ਮੰਤਰੀ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ ਬਹੁਤ ਸਾਰੇ ਪਰਿਵਾਰ ਲੰਬੇ ਸਮੇਂ ਤੋਂ ਬਿਨ੍ਹਾਂ ਬਿਜਲੀ ਦੇ ਇਥੇ ਰਹਿ ਰਹੇ ਸਨ ਅਤੇ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਵਰ ਕਾਰਪੋਰੇਸ਼ਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਥਾਨਕ ਲੋਕਾਂ ਦੇ ਬਿਨੈਪੱਤਰਾਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਮੀਟਰ ਲਗਵਾਉਣ। ਇਸ ਸਬੰਧ ਵਿੱਚ ਬਲਬੀਰ ਕਲੋਨੀ ਵਿੱਚ ਟਰਾਂਸਪੋਰਟ ਵੀ ਸਥਾਪਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਦੌਰ ਵਿੱਚ 110 ਘਰਾਂ ਵਿੱਚ ਮੀਟਰ ਲਗਾਏ ਜਾ ਰਹੇ ਹਨ ਅਤੇ ਪਾਵਰ ਕਾਰਪੋਰੇਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਮੀਟਰ ਲਈ ਅਪਲਾਈ ਕਰਦਾ ਹੈ, ਉਸ ਦੇ ਮੀਟਰ ਲਗਾਉਣ ਦੀ ਪ੍ਰਕ੍ਰਿਆ ਪੂਰੀ ਕੀਤੀ ਜਾਵੇ। ਅਰੋੜਾ ਨੇ ਕਿਹਾ ਕਿ ਜਲਦ ਹੀ ਇਥੋਂ ਦੇ ਲੋਕਾਂ ਨੂੰ ਜਮੀਨ ਦੇ ਮਾਲਕਾਨਾ ਹੱਕ ਵੀ ਦਿਲਵਾਏ ਜਾਣਗੇ, ਜਿਸ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾਂ ਜ਼ਰੂਰਤਮੰਦਾਂ ਦਾ ਹੱਥ ਫੜਿਆ ਹੈ ਅਤੇ ਅੱਗੇ ਵੀ ਸਰਕਾਰ ਹਰ ਜ਼ਰੂਰਤਮੰਦ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਂਦੀ ਰਹੇਗੀ।
ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਲੋਕਾਂ ਨੂੰ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਹਦਾਇਤਾਂ ਦੀ ਪਾਲਣ ਕਰਨ ਤਾਂ ਜੋ ਇਸ ਵਾਇਰਸ ਨੂੰ ਹਰਾਇਆ ਜਾ ਸਕੇ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਕਮਲ ਕਟਾਰੀਆ, ਐਡਵੋਕੇਟ ਨਵੀਨ ਜੈਰਥ, ਪਾਵਰ ਕਾਰਪੋਰੇਸ਼ਨ ਦੇ ਐਸ.ਈ. ਪਰਵਿੰਦਰ ਸਿੰਘ ਖਾਂਬਾ, ਐਕਸੀਅਨ ਮਨਰੂਪ ਸਿੰਘ, ਐਕਸੀਅਨ ਨਗਰ ਨਿਗਮ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਮੁਕੇਸ਼ ਮੱਲ, ਹਰਬਿਲਾਸ, ਕਲਮ ਭੱਟੀ, ਗੌਰਵ ਅਰੋੜਾ ਰਾਜੂ, ਮੋਨਿਕਾ, ਨੀਲਮ ਵਾਲੀਆ, ਚਮਨ ਲਾਲ, ਬੱਗਾ ਕਟਾਰੀਆ, ਰਾਜ ਕੁਮਾਰ ਰਾਜੀ, ਮੁਖਤਿਆਰ ਪੁਜਾਰੀ, ਜਾਨੀ ਪ੍ਰਧਾਨ, ਦੇਵਰਾਜ ਕਟਾਰੀਆ, ਮਿਲਨ ਕਟਾਰੀਆ, ਰੋਹਿਤ ਹੰਸ ਆਦਿ ਵੀ ਮੌਜੂਦ ਸਨ।