ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2020 - ਕੋਵਿਡ-19 ਦੇ ਸਮੇਂ ਦੌਰਾਨ ਅਕਾਦਮਿਕ ਸੈਸ਼ਨ 2020-21 ਦੇ ਦਾਖਲੇ ਲਈ ਹੋਰ ਵਿਦਿਅਕ ਅਦਾਰੇ ਦਾਖਲਿਆਂ ਲਈ ਸਖਤ ਮਿਹਨਤ ਕਰ ਰਹੇ ਹਨ ਤਾਂ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੀਆਂ 27 ਅਕਤੂਬਰ ਨੂੰ ਖਤਮ ਹੋਏ ਪਹਿਲੀ ਕਾਉਂਸਲਿੰਗ ਦੇ ਪਹਿਲੇ ਰਾਉਂਡ ਦੇ ਅੰਤ ਤੱਕ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀਆਂ ਲਗਭਗ 80 ਫੀਸਦੀ ਸੀਟਾਂ ਭਰ ਗਈਆਂ ਹਨ। ਇਸ ਵੇਲੇ ਯੂਨੀਵਰਸਿਟੀ ਦੇ 42 ਮਾਸਟਰ ਲੈਵਲ ਪ੍ਰੋਗਰਾਮਾਂ ਵਿੱਚ 1371 ਸੀਟਾਂ ਅਤੇ ਪੀਐਚਡੀ ਦੇ ਪ੍ਰੋਗਰਾਮਾਂ ਵਿੱਚ 177 ਸੀਟਾਂ ਹਨ। ਦਾਖਲਾ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਹੀ ਸੀਯੂਯੂਪੀਬੀ ਨੂੰ ਵਿਦਿਆਰਥੀਆਂ ਦਾ ਜਬਰਦਸਤ ਰੁਝਾਨ ਮਿਲਿਆ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਪੀਜੀ ਤੇ ਪੀਐਚਡੀ ਪ੍ਰੋਗਰਾਮਾਂ ਲਈ ਤਕਰੀਬਨ 80 ਹਜਾਰ ਅਰਜੀਆਂ ਪ੍ਰਾਪਤ ਹੋਈਆਂ ਹਨ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਵਿਦਿਆਰਥੀਆਂ ਨੂੰ ਉਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨਾਂ ਦੱਸਿਆ ਕਿ ਕੋਵਿਡ-19 ਸਮੇਂ ਦੇ ਦੌਰਾਨ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪੜਨ ਲਈ ਯੂਨੀਵਰਸਿਟੀ ਨੂੰ ਆਪਣੀ ਪਸੰਦ ਬਣਾਇਆ ਹੈ ਅਤੇ ਦਾਖਲਾ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦੀ ਰੁਚੀ ਦਾ ਕਾਰਨ ਯੋਗਤਾ ਪ੍ਰਾਪਤ ਫੈਕਲਟੀ ਵੱਲੋਂ ਮੁਹੱਈਆ ਕਰਵਾਈ ਜਾਂਦੀ ਉੱਚ ਕੁਆਲਿਟੀ ਸਿੱਖਿਆ ਅਤੇ ਖੋਜ ਸਹੂਲਤਾਂ ਹਨ। ਰਜਿਸਟਰਾਰ ਅਤੇ ਪ੍ਰੀਖਿਆ ਕੰਟਰੋਲਰ ਕੰਵਲ ਪਾਲ ਸਿੰਘ ਮੁੰਦਰਾ ਨੇ ਦੱਸਿਆ ਕਿ ਪਹਿਲੀ ਆਨਲਾਈਨ ਕਾਉਂਸਲਿੰਗ ਦੇ ਪਹਿਲੇ ਰਾਉਂਡ ਦੇ ਅੰਤ ਤੱਕ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀਆਂ 1059 ਸੀਟਾਂ ਭਰੀਆਂ ਜਾ ਚੁਕੀਆਂ ਹਨ।
ਉਹਨਾਂ ਦੱਸਿਆ ਕਿ ਬਾਕੀ ਸੀਟਾਂ 28 ਅਕਤੂਬਰ ਨੂੰ ਸ਼ੁਰੂ ਹੋਏ ਪਹਿਲੀ ਆਨਲਾਈਨ ਕਾਉਂਸਲਿੰਗ ਦੇ ਦੂਜੇ ਰਾਉਂਡ ਦੌਰਾਨ ਮੈਰਿਟ ਦੇ ਆਧਾਰ ਤੇ ਅਲਾਟ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਪੀਐਚਡੀ ਦਾਖਲਿਆਂ ਤਹਿਤ 29 ਤੋਂ 31 ਅਕਤੂਬਰ ਤੱਕ ਹੋਣ ਵਾਲੇ ਆਨਲਾਈਨ ਇੰਟਰਵਿਊ ਰਾਉਂਡ ਲਈ 1142 ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ ਜਿਹਨਾਂ ਚੋਂ ਯੋਗ ਉਮੀਦਵਾਰਾਂ ਨੂੰ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਤਰਜੀਹ ਦਿੱਤੀ ਜਾਏਗੀ।