ਹਰਜਿੰਦਰ ਸਿੰਘ ਭੱਟੀ
• ਜੀਪੀਐਸ ਦੁਆਰਾ ਫੌਗਿੰਗ ਵਾਹਨਾਂ ਦੀ ਗਤੀ ਅਤੇ ਸਮਾਂ ਅਵਧੀ ਦੀ ਨਿਗਰਾਨੀ ਕੀਤੀ ਜਾਵੇਗੀ
• ਪਾਰਕਾਂ ਵਿਚ ਸ਼ੋਲਡਰ ਮਾਊਂਟਡ ਮਸ਼ੀਨਾਂ ਵਰਤੀਆਂ ਜਾਣਗੀਆਂ
• ਹਰ ਸ਼ੁੱਕਰਵਾਰ ਨੂੰ 'ਡਰਾਈ ਡੇਅ' ਵਜੋਂ ਮਨਾਇਆ ਜਾਵੇਗਾ
• ਚੈਕਿੰਗ / ਚਲਾਨ ਕੀਤੇ ਜਾਣਗੇ
ਐਸ.ਏ.ਐਸ.ਨਗਰ, 28 ਅਕਤੂਬਰ 2020 - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਿਰਦੇਸ਼ ਦਿੱਤੇ ਹਨ ਕਿ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਬਚਾਅ ਕਾਰਜਾਂ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਜ਼ਿਲ੍ਹਾ ਸਿਹਤ ਵਿਭਾਗ, ਨਗਰ ਨਿਗਮ ਅਤੇ ਮਿਉਂਸਪਲ ਕੌਂਸਲਾਂ ਨੂੰ ਮੱਛਰਾਂ ਤੋਂ ਫੈਲਣ ਵਾਲੀ ਬਿਮਾਰੀਆਂ ਦੀ ਰੋਕਥਾਮ ਲਈ ਸਰਗਰਮੀ ਨਾਲ ਫੋਗਿੰਗ ਮੁਹਿੰਮ ਵਿੱਚ ਹਿੱਸਾ ਲੈਣ ਦੇ ਆਦੇਸ਼ ਵੀ ਦਿੱਤੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਫ਼ਤਾਵਾਰ ਸਿਹਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਵਿੱਚ ਤਬਦੀਲੀ ਆਉਣ ਨਾਲ ਮੱਛਰਾਂ ਤੋਂ ਫੈਲਣ ਵਾਲੀ ਬਿਮਾਰੀਆਂ ਦਾ ਖ਼ਤਰਾ ਵੱਧਣ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਲਈ ਫੋਗਿੰਗ ਅਤੇ ਡੋਰ ਟੂ ਡੋਰ ਕੰਟੇਨਰ ਸਰਵੇ ਤੇਜ਼ ਕੀਤਾ ਜਾਵੇ ਅਤੇ ਮੱਛਰ ਦਾ ਲਾਰਵਾ ਪਾਏ ਜਾਣ 'ਤੇ ਘਰਾਂ ਦੇ ਚਲਾਨ ਕੀਤੇ ਜਾਣ । ਡੀਸੀ ਨੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਵੱਧ ਤੋਂ ਵੱਧ ਖੇਤਰ ਕਵਰ ਕਰਨ ਲਈ ਹਰੇਕ ਫੋਗਿੰਗ ਵਾਹਨ ਨੂੰ ਦਿਨ ਵਿਚ ਸਿਰਫ ਇਕ ਵਾਰ ਚਲਾਉਣ ਦੀ ਬਜਾਏ, ਦਿਨ ਵਿੱਚ ਦੋ ਵਾਰ ਭਾਵ ਸਵੇਰ ਅਤੇ ਸ਼ਾਮ ਚਲਾਉਣ ਅਤੇ ਇਸ ਸਬੰਧੀ ਫੌਗਿੰਗ ਸ਼ਡਿਊਲ ਤਿਆਰ ਕਰਨ ਲਈ ਆਦੇਸ਼ ਦਿੱਤੇ ਹਨ।
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੋਗਿੰਗ ਤੋਂ ਇਲਾਵਾ ਜਨਤਕ ਥਾਵਾਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਨਿਯਮਤ ਤੌਰ 'ਤੇ ਕੀਟਾਣੂਨਾਸ਼ਕ ਸਪਰੇਅ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਸੰਘਣੀ ਆਬਾਦੀ ਵਾਲੇ ਇਲਾਕਿਆਂ, ਝੁੱਗੀਆਂ ਅਤੇ ਤੰਗ ਗਲੀਆਂ ਵਿਚ ਕੀਟਾਣੂਨਾਸ਼ਕ ਗਤੀਵਿਧੀਆਂ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਮੁਹਾਲੀ ਵੱਲੋਂ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਨਾਲ ਲੈਸ ਫੋਗਿੰਗ ਮਸ਼ੀਨਾਂ ਨੂੰ ਕੰਮ ਵਿੱਚ ਲਗਾਇਆ ਗਿਆ ਹੈ ਤਾਂ ਜੋ ਨਿਰਧਾਰਤ ਖੇਤਰ ਵਿੱਚ ਵਾਹਨਾਂ ਦੀ ਗਤੀ ਅਤੇ ਸਮਾਂ ਅਵਧੀ ਦੀ ਨਿਗਰਾਨੀ ਕੀਤੀ ਜਾ ਸਕੇ। ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ ਅਤੇ ਹਰੇਕ ਜ਼ੋਨ ਦੇ ਹਰ ਸੈਕਟਰ /ਫ਼ੇਜ਼ ਵਿੱਚ ਹਫ਼ਤੇ ਵਿਚ ਇਕ ਵਾਰ ਸ਼ਡਿਊਲ ਅਨੁਸਾਰ ਫੌਗਿੰਗ ਮਸ਼ੀਨ ਦੁਆਰਾ ਫੌਗਿੰਗ ਕੀਤੀ ਜਾਂਦੀ ਹੈ। ਸ਼ਹਿਰ ਦੇ ਹਰ ਸੈਕਟਰ /ਫ਼ੇਜ਼ ਵਿੱਚ 8 ਤੋਂ 10 ਦਿਨਾਂ ਬਾਅਦ ਦੁਬਾਰਾ ਫੌਗਿੰਗ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ, ਪਾਰਕਾਂ, ਪਿੰਡਾਂ ਅਤੇ ਬਸਤੀਆਂ ਜਿਥੇ ਵੱਡੀਆਂ ਮਸ਼ੀਨਾਂ ਦਾਖਲ ਨਹੀਂ ਹੋ ਸਕਦੀਆਂ, ਵਿਚ ਦੋ ਸ਼ੋਲਡਰ ਮਾਊਂਟਡ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਡੇਂਗੂ ਦੇ ਐਕਟਿਵ ਮਰੀਜ਼ਾਂ ਦੇ ਘਰਾਂ ਅਤੇ ਉਨ੍ਹਾਂ ਦੇ ਆਸ ਪਾਸ ਦੇ ਘਰਾਂ ਵਿਚ ਵੀ ਵਰਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ, 95% ਮੈਲਾਥਿਅਨ ਦਵਾਈ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਕਈ ਸਾਲਾਂ ਤੋਂ ਇਕੋ ਦਵਾਈ ਦੀ ਵਰਤੋਂ ਨਾਲ ਇਸ ਦਾ ਅਸਰ ਹੁਣ ਘਟਣਾ ਸ਼ੁਰੂ ਹੋ ਗਿਆ। ਇਸ ਲਈ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ (ਐਨਵੀਬੀਡੀਸੀ) ਪ੍ਰੋਗਰਾਮ ਦੇ ਨਿਰਦੇਸ਼ ਅਨੁਸਾਰ ਨਗਰ ਨਿਗਮ ਇਸ ਸਮੇਂ ਸਾਈਫਨੋਥਰੀਨ 5% ਈਸੀ ਦੀ ਵਰਤੋਂ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਅਪੀਲ ਕੀਤੀ ਅਤੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ (ਏਡੀਜ਼) ਲਈ ਜ਼ਿੰਮੇਵਾਰ ਮੱਛਰ ਸਿਰਫ ਤਾਜ਼ੇ ਅਤੇ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦੇ ਹਨ ਅਤੇ ਸਿਰਫ਼ ਦਿਨ ਸਮੇਂ ਹੀ ਕੱਟਦੇ ਹਨ। ਡੀਸੀ ਨੇ ਕਿਹਾ, ”ਕੂਲਰਾਂ, ਟਾਇਰਾਂ, ਫਰਿੱਜਾਂ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ ਅਤੇ ਬੇਕਾਰ ਸੁੱਟੀਆਂ ਚੀਜ਼ਾਂ ਵਿਚ ਮੱਛਰ ਦਾ ਵੱਧ ਤੋਂ ਵੱਧ ਲਾਰਵਾ ਪਾਇਆ ਜਾ ਰਿਹਾ ਹੈ।” ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ ਪਾਸ ਕਿਸੇ ਵੀ ਕੰਟੇਨਰ ਵਿਚ ਪਾਣੀ ਜਮ੍ਹਾ ਨਾ ਹੋਣ ਦੇਣ।
ਸ੍ਰੀ ਦਿਆਲਨ ਨੇ ਕਿਹਾ, “ਲੋਕਾਂ ਨੂੰ ਡੇਂਗੂ ਖ਼ਿਲਾਫ਼ ਮੁਹਿੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਡੇਂਗੂ ਦਾ ਸੀਜ਼ਨ ਨਵੰਬਰ ਅਤੇ ਦਸੰਬਰ ਤੱਕ ਚੱਲਦਾ ਹੈ।”
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਰੇਕ ਸ਼ੁਕਰਵਾਰ ਨੂੰ ‘ਡਰਾਈ ਡੇਅ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਜੋ ਇਸ ਤੱਥ ਦਾ ਸੰਕੇਤ ਦਿੰਦਾ ਹੈ ਕਿ ਹਫ਼ਤੇ ਵਿਚ ਇਕ ਵਾਰ ਪਾਣੀ ਦੇ ਕੰਟੇਨਰਾਂ ਨੂੰ ਖਾਲੀ ਕਰਕੇ ਅਤੇ ਸਾਫ਼ ਕਰਕੇ ਡੇਂਗੂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਜਨਵਰੀ 2020 ਤੋਂ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ196 ਮਰੀਜ਼ ਪਾਏ ਗਏ ਹਨ। ਜਿਹਨਾਂ ਖੇਤਰਾਂ ਵਿੱਚ ਪਹਿਲਾਂ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਏ ਸਨ, ਸੁਰੱਖਿਆ ਉਪਾਅ ਦੇ ਤੌਰ 'ਤੇ ਉਨ੍ਹਾਂ ਇਲਾਕਿਆਂ ਵਿੱਚ 5000 ਤੋਂ ਵੱਧ ਮੱਛਰਦਾਨੀਆਂ ਲੋੜਵੰਦਾਂ ਨੂੰ ਮੁਫ਼ਤ ਵੰਡੀਆਂ ਗਈਆਂ ਹਨ।