ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਸਾਢੇ 5 ਲੱਖ ਦੀ ਠੱਗੀ, 6 ਨਾਮਜ਼ਦ
ਫਿਰੋਜ਼ਪੁਰ 29 ਅਕਤੂਬਰ 2020 : ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਸਾਢੇ 5 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ 6 ਲੋਕਾਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਲਾਲ ਰਾਜਪੂਤ ਪੁੱਤਰ ਪ੍ਰਮੋਦ ਕੁਮਾਰ ਵਾਸੀ ਝਤਰਾ ਰੋਡ ਜ਼ੀਰਾ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣਾ ਸੀ ਤਾਂ ਇਸ ਦੌਰਾਨ ਉਸ ਦਾ ਸੰਪਰਕ ਨੇਹਾ ਸ਼ਰਮਾ ਪੁੱਤਰੀ ਲੇਖ ਰਾਜ, ਪਰਮਜੀਤ ਸ਼ਰਮਾ ਪਤਨੀ ਲੇਖ ਰਾਜ, ਜੈ ਦੀਪ ਸ਼ਰਮਾ ਪੁੱਤਰ ਲੇਖ ਰਾਜ ਵਾਸੀਅਨ ਮਕਾਨ ਨੰਬਰ 79 ਗਲੀ ਨੰਬਰ 2 ਨਿਊ ਬਿਸ਼ਨ ਨਰਿ ਪਟਿਆਲਾ, ਵਿਪਨ ਕੁਮਾਰ, ਪ੍ਰਿਯੰਕਾ ਸ਼ਰਮਾ ਪਤਨੀ ਰਾਮ ਪ੍ਰਕਾਸ਼, ਰਾਜ ਪ੍ਰਕਾਸ਼ ਵਾਸੀ ਪਟਿਆਲਾ ਨਾਲ ਹੋਇਆ ਤੇ ਉਨ੍ਹਾਂ ਆਖਿਆ ਕਿ ਉਹ ਉਸ ਨੂੰ ਵਿਦੇਸ਼ ਆਸਟਰੇਲੀਆ ਭੇਜ ਦੇਣ ਗਏ, ਪਰ ਇਸ ਦੇ ਜਾਣ ਲਈ ਸਾਢੇ 5 ਲੱਖ ਰੁਪਏ ਖਰਚ ਆਉਣਗੇ। ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੇ ਦੋਸ਼ੀਅਨ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਸਾਢੇ 5 ਲੱਖ ਰੁਪਏ ਮਿਥੀ ਮਿਤੀ ਅਨੁਸਾਰ ਦੇ ਦਿੱਤੇ। ਗੁਰਲਾਲ ਰਾਜਪੂਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦ ਉਸ ਨੂੰ ਕੋਈ ਵਿਦੇਸ਼ ਜਾਣ ਬਾਰੇ ਪਤਾ ਨਾ ਲੱਗਿਆ ਤਾਂ ਉਸ ਨੇ ਦੁਬਾਰਾ ਦੋਸ਼ੀਆਂ ਨਾਲ ਸੰਪਰਕ ਕੀਤਾ ਤਾਂ ਉਕਤ ਦੋਸ਼ੀ ਉਸ ਨੂੰ ਟਾਲ ਮਟੋਲ ਕਰਦੇ ਆ ਰਹੇ ਹਨ। ਗੁਰਲਾਲ ਰਾਜਪੂਤ ਨੇ ਦੱਸਿਆ ਕਿ ਉਸ ਨੂੰ ਨਾ ਤਾਂ ਅਜੇ ਤੱਕ ਆਸਟੇਰਲੀਆ ਭੇਜਿਆ ਹੈ ਅਤੇ ਨਾ ਹੀ ਲਏ ਹੋਏ ਪੈਸੇ ਵਾਪਸ ਕੀਤੇ ਹਨ। ਇਸ ਤਰ੍ਹਾਂ ਉਕਤ ਦੋਸ਼ੀਅਨ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।