ਫਿਰੋਜ਼ਪੁਰ, 29 ਅਕਤੂਬਰ 2020 - ਇੱਕ ਵਿਆਹੁਤਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਸਰੀਰਿਕ ਸਬੰਧ ਬਣਾਉਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 376, 323, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਆਹੁਤਾ ਨੇ ਦੱਸਿਆ ਕਿ ਉਸ ਦੀ ਦੋਸਤੀ ਗੁਰਜੰਟ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕਾਮਲ ਵਾਲਾ (ਮੁੱਠਿਆ ਵਾਲੀ) ਫਿਰੋਜ਼ਪੁਰ ਨਾਲ ਕਿਸੇ ਵਿਆਹ ਵਿਚ ਹੋਈ ਸੀ, ਜਿਸ ਨੇ ਉਸ ਨੂੰ ਕਿਹਾ ਕਿ ਉਹ ਕੁਆਰਾ ਹੈ ਬਾਅਦ ਵਿਚ ਪਤਾ ਲੱਗਾ ਕਿ ਗੁਰਜੰਟ ਸਿੰਘ ਸ਼ਾਦੀਸ਼ੁਦਾ ਹੈ ਤੇ ਮਾੜੀ ਸੁਸਾਇਟੀ ਵਾਲਾ ਬੰਦਾ ਹੈ।
ਜਿਸ ਤੋਂ ਡਰਦੀ ਹੋਈ ਨੇ ਇਸ ਤੋਂ ਪਿੱਛਾ ਛੁਡਾ ਲਿਆ ਤੇ ਉਸ ਦਾ ਵਿਆਹ ਉਸ ਦੇ ਘਰਦਿਆਂ ਨੇ ਸੁਨੀਲ ਸਾਜਨ ਪੁੱਤਰ ਲਲਿਤ ਕੁਮਾਰ ਵਾਸੀ ਜਲੰਧਰ ਨਾਲ ਕਰਵਾ ਦਿੱਤੀ ਜੋ ਬਾਅਦ ਵਿਚ ਗੁਰਜੰਟ ਸਿੰਘ ਬਾਰੇ ਸ਼ੱਕ ਹੋਣ ਤੇ ਦੋਵਾਂ ਦੀ ਅਣਬਣ ਹੋ ਗਈ ਤੇ ਜਿਨ੍ਹਾਂ ਦੇ ਤਲਾਕ ਦਾ ਕੇਸ ਚੱਲ ਰਿਹਾ ਹੈ। ਦੋਸ਼ੀ ਜੋ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਡਰ ਧਮਕਾ ਕੇ ਉਸ ਨਾਲ ਸਰੀਰਿਕ ਸਬੰਧ ਬਣਾਉਂਦਾ ਰਿਹਾ ਹੈ।
ਵਿਆਹੁਤਾ ਨੇ ਦੱਸਿਆ ਕਿ ਮਿਤੀ 17 ਅਕਤੂਬਰ 2020 ਨੂੰ ਉਸ ਨੂੰ ਡਰਾ ਧਮਕਾ ਕੇ ਫਿਰੋਜ਼ਪੁਰ ਵਿਖੇ ਬੁਲਾਇਆ ਤੇ ਉਸ ਨੂੰ ਗੱਡੀ ਵਿਚ ਬਿਠਾ ਕੇ ਨਸ਼ਾ ਕਰਵਾਇਆ ਤੇ ਬਾਅਦ ਵਿਚ ਕਿਸੇ ਹੋਟਲ ਵਿਚ ਲੈ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਤੇ 3 ਦਿਨ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਿਕ ਸਬੰਧ ਬਣਾਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।