ਹੁਸ਼ਿਆਰਪੁਰ, 29 ਅਕਤੂਬਰ 2020 - ਜ਼ਿਲ੍ਹੇ ਦੇ ਬਲਾਕ ਮੁਕੇਰੀਆਂ ਦੇ ਪਿੰਡ ਦਾਰਾਪੁਰ ਦਾ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਘੱਟ ਸਮੇਂ ਅਤੇ ਘੱਟ ਪਾਣੀ ਵਾਲੀ ਨਵੀ ਕਿਸਮ ਦੀ ਖੇਤੀ ਦੀਆਂ ਨਵੀਨਤਮ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਕੇ ਪਰਾਲੀ ਨੂੰ ਸੁਚਾਰੂ ਢੰਗ ਨਾਲ ਖੇਤਾਂ ਵਿੱਚ ਹੀ ਪ੍ਰਬੰਧਨ ਕਰਕੇ ਸੰਭਾਲ ਰਿਹਾ ਹੈ। ਇਸ ਨਾਲ ਜਿਥੇ ਉਹ ਵਾਤਾਵਰਣ ਦੇ ਨਾਲ-ਨਾਲ ਪਾਣੀ ਨੂੰ ਬਚਾ ਰਿਹਾ ਹੈ ਉਥੇ ਖਾਦਾਂ ਦੀ ਖਪਤ ਘੱਟ ਹੋਣ ਨਾਲ ਜ਼ਮੀਨ ਦੇ ਜ਼ਰੂਰੀ ਤੱਤ ਬਚਾ ਕੇ ਧਰਤੀ ਨੂੰ ਸਿਹਤਮੰਦ ਰੱਖਣ ਵਿੱਚ ਵੀ ਯੋਗਦਾਨ ਦੇ ਰਿਹਾ ਹੈ।
ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੇ ਬਜ਼ੁਰਗ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਆ ਕੇ ਪਿੰਡ ਦਾਰਾਪੁਰ ਵਿੱਚ ਅਲਾਟਮੈਂਟ ਹੋਣ ਦੇ ਕਾਰਨ ਬਸ ਗਏ ਸਨ ਅਤੇ ਉਸ ਸਮੇਂ ਤੋਂ ਉਹ ਖੇਤੀ ਕਰ ਰਹੇ ਹਨ। ਉਸਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ 18 ਤੋਂ 20 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਕਰੀਬ 8 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ। ਉਸਨੇ ਦੱਸਿਆ ਕਿ ਪਹਿਲਾਂ ਉਸਨੇ ਪਸ਼ੂਆਂ ਦੇ ਚਾਰੇ ਦੇ ਤੌਰ ’ਤੇ ਗੁੱਜਰਾਂ ਨੂੰ ਦੇ ਕੇ ਪਰਾਲੀ ਦੀ ਸੰਭਾਲ ਕੀਤੀ, ਫਿਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਲਈ ਰੋਟਾਵੇਟਰ ਸਬਸਿਡੀ ’ਤੇ ਪ੍ਰਾਪਤ ਕੀਤਾ। ਸਬਸਿਡੀ ’ਤੇ ਉਪਲਬੱਧ ਪ੍ਰਾਪਤ ਕਰਨ ਤੋਂ ਬਾਅਦ ਉਹ ਹਰ ਸਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਡਿਸਕੋਂ ਅਤੇ ਰੋਟਾਵੇਟਰ ਦਾ ਪ੍ਰਯੋਗ ਕਰਕੇ ਕਰਦਾ ਹੈ। ਉਸ ਨੇ ਕਣਕ ਅਤੇ ਝੋਨੇ ਦੀ ਬਿਜਾਈ ਦੇ ਇਲਾਵਾ ਫ਼ਸਲੀ ਵਿਭਿੰਨਤਾ ਨੂੰ ਮੁੱਖ ਰੱਖਦੇ ਹੋਏ ਛੋਲੇ, ਕਨੌਲਾ ਸਰਸੋਂ, ਮਸੂਰ, ਮੱਕੀ ਅਤੇ ਮੱਕੀ ਅਤੇ ਗੰਨੇ ਆਦਿ ਦੀਆਂ ਫ਼ਸਲਾਂ ਦੀ ਵੀ ਬਿਜਾਈ ਕੀਤੀ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਸਾਉਣੀ ਦੇ ਸੀਜਨ ਦੌਰਾਨ ਪਾਣੀ ਦੇ ਡਿੱਗਦੇ ਪੱਧਰ ਨੂੰ ਮੁੱਖ ਰੱਖਦੇ ਹੋਏ ਉਸ ਨੇ ਬਿਨ੍ਹਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਵਿਭਾਗ ਦੀ ਸਿਫਾਰਿਸ਼ ਅਨੁਸਾਰ ਕੁਝ ਰਕਬੇ ਵਿੱਚ ਕੀਤੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਕਿਸਾਨਾਂ ਦੇ ਖਰਚੇ ਵੀ ਘੱਟ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਉਸਦੇ ਸੀਟੂ ਮੈਨੇਜਮੈਂਟ ਸਕੀਮ ਤਹਿਤ ਸੁਪਰ ਸੀਡਰ ਸਬਸਿਡੀ ’ਤੇ ਪ੍ਰਾਪਤ ਕੀਤਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨੂੰ ਬਿਨ੍ਹਾਂ ਜਲਾਏ ਆਪਣੇ ਸਾਰੇ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰ ਰਿਹਾ ਹੈ।