ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2020 - ਨਰੇਗਾ ਅਧੀਨ ਡਿਊਟੀ ਕਰ ਰਹੇ 61 ਗ੍ਰਾਮ ਰੋਜ਼ਗਾਰ ਸੇਵਕਾਂ ਦੀਆਂ ਕੀਤੀਆਂ ਨਜਾਇਜ਼ ਬਦਲੀਆਂ ਰੱਦ ਕਰਵਾਉਣ ਜ਼ਿਲ੍ਹਾ ਪ੍ਰੀਸ਼ਦ ’ਚ ਲੱਗਿਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਬਦਲੀਆਂ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਨਰੇਗਾ ਮੁਲਾਜ਼ਮਾਂ ਵਿੱਚ ਰੋਸ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਮਸਲੇ ਨੂੰ ਹੱਲ ਕਰਨ ਦੀ ਬਜਾਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਰਾਹੀਂ ਮੁਲਾਜ਼ਮਾਂ ਨੂੰ ਧਕੇ ਨਾਲ ਰਿਲੀਵ ਕਰਵਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਕਾਨੂੰਨੀ ਸਲਾਹਾਂ ਲਈਆਂ ਜਾ ਰਹੀਆਂ ਹਨ ਇਸ ਲਈ ਜੇਕਰ ਅਜਿਹੀ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਜ਼ਿਲ੍ਹਾ ਪ੍ਰੀਸ਼ਦ ਵਿਖੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਟੀਮਾਂ ਬਣਾ ਕੇ ਪਿੰਡ-ਪਿੰਡ ਮਜਦੂਰ ਜਥੇਬੰਦੀਆਂ ,ਪੰਚਾਇਤ ਵਿਭਾਗ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਐਕਸ਼ਨ ਕੀਤਾ ਜਾਵੇਗਾ। ਉਹਨਾਂ ਪਕਹਾ ਕਿ ਫਿਰ ਵੀ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਏਡੀਸੀ ਬਠਿੰਡਾ ਗੁਪਤ ਐਕਸ਼ਨ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹੇ। ਉਹਨਾਂ ਕਿਹਾ ਕਿ ਅਫਸਰ ਪਹਿਲਾਂ ਹੀ ਕਾਨੂੰਨਾਂ ਦੀ ਉਲੰਘਣਾ ਕਰਕੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਸਲਾਨਾ ਇੰਕਰੀਮੈਂਟ ,ਈਪੀਐੱਫ,ਇੰਕਰੀਮੈਂਟਾਂ ਦਾ ਏਰੀਅਰ ਅਤੇ ਨਰੇਗਾ ਤੋਂ ਇਲਾਵਾ ਵਾਧੂ ਕੰਮਾਂ ਵਿੱਚ ਕੀਤੀਆਂ ਡਿਊਟੀਆਂ ਦਾ ਮਿਹਨਤਾਨਾ ਦੱਬੀ ਬੈਠੇ ਹਨ ਜਿਸ ਕਰਕੇ ਹੁਣ ਸਿਰਫ ਬਦਲੀਆਂ ਦੀ ਲੜਾਈ ਨਹੀਂ ਰਹੀ ਬਲਕਿ ਬਾਕੀ ਮੰਗਾਂ ਪੂਰੀਆਂ ਹੋਣ ਉਪਰੰਤ ਹੀ ਧਰਨਾ ਸਮਾਪਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅਧਿਕਾਰੀਆਂ ਆਪਣੀ ਜਿੱਦ ਪੁਗਾਉਣੀ ਚਾਹੁੰਦੇ ਹਨ ਅਤੇ ਉਹਨਾਂ ਨੂੰ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਚਿੰਤਾ ਹੈ ਜਿਹਨਾਂ ਲਈ ਉਧਾਰ ਵਿੱਚ ਖਰੀਦੇ ਲੱਖਾਂ ਰੁਪਏ ਦੇ ਮਟੀਰੀਅਲ ਦਾ ਨੁਕਸਾਨ ਹੋ ਰਿਹਾ ਹੈ ਅਤੇ ਹਜਾਰਾਂ ਨਰੇਗਾ ਮਜਦੂਰ ਪਰਿਵਾਰਾਂ ਦੀ ਰੋਜੀ ਰੋਟੀ ਖੁੱਸ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਮੁਲਾਜ਼ਮ ਦੀ ਕੋਈ ਸ਼ਿਕਾਇਤ ਸੀ ਤਾਂ ਉਸਦਾ ਸਰਕਲ ਬਦਲਿਆ ਜਾ ਸਕਦਾ ਹੈ ਪਰ ਤਾਨਾਸ਼ਾਹੀ ਸਹਿਣ ਨਹੀਂ ਕੀਤੀ ਜਾਏਗੀ ਭਾਵੇਂ ਉਹਨਾਂ ਨੂੰ ਕਿੰਨਾ ਵੀ ਲੰਬਾ ਸੰਘਰਸ਼ ਕਿਉਂ ਨਾ ਲੜਨਾ ਪਵੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ,ਜਿਲਾ ਪ੍ਰਧਾਨ ਸੁਖਬੀਰ ਸਿੰਘ ਸਿਵੀਆਂ,ਜਿਲਾ ਮੀਤ ਪ੍ਰਧਾਨ ਬੂਟਾ ਸਿੰਘ ਬੰਗੀ,ਸੁਖਵਿੰਦਰ ਸਿੰਘ,ਕੌਰ ਸਿੰਘ,ਸੁਖਦੀਪ ਸਿੰਘ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ ਢਿੱਲੋਂ,ਗੁਰਸੇਵਕ ਸਿੰਘ,ਰੀਨਾ ਰਾਣੀ,ਬਲਜੀਤ ਕੌਰ ਅਤੇ ਜਗਸੀਰ ਸਿੰਘ ਨੇ ਵੀ ਸੰਬੋਧਨ ਕੀਤਾ।