ਹਰਦਮ ਮਾਨ
ਸਰੀ 29 ਅਕਤੂਬਰ 2020: ਬੀਸੀ ਵਿਚ ਲਗਾਤਾਰ ਪਿਛਲੇ 8 ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਹਰ ਰੋਜ਼ 200 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਬੀ ਸੀ ਵਿਚ 287 ਹੋਰ ਕੇਸ ਸਾਹਮਣੇ ਆਉਣ ਅਤੇ ਦੋ ਕੋਵਿਡ-19 ਪੀੜਤਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਹੁਣ ਬੀ.ਸੀ. ਵਿਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 13,875 ਹੋ ਗਈ ਹੈ।
ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਕੇਸਾਂ ਦੀ ਗਿਣਤੀ 2,316 ਤੱਕ ਪਹੁੰਚ ਗਈ ਹੇ ਅਤੇ ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 261 ਹੋ ਗਈ ਹੈ। ਇਸ ਸਮੇਂ ਹਸਪਤਾਲਾਂ ਵਿਚ 87 ਮਰੀਜ਼ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 25 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਇਸੇ ਦੌਰਾਨ ਸਰੀ ਦੀ ਪਿਕਸ ਅਸਿਸਟਿਡ ਲਿਵਿੰਗ ਫੈਸਿਲਟੀ ਵਿਚ ਅਤੇ ਓਕਾਨਾਗਨ ਮੈਨਸ ਸੈਂਟਰ ਵਿਚ ਕਮਿਊਨਿਟੀ ਆਊਟਬ੍ਰੇਕ ਦੀ ਜਾਣਕਾਰੀ ਦਿੱਤੀ ਗਈ ਹੈ।