ਹਰੀਸ਼ ਕਾਲੜਾ
- ਪਾਪਲੂਰ ਅਤੇ ਮੱਕੀ ਦੀ ਖੇਤੀ ਨਾਲ ਰਿਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲਣ ਦਾ ਸ਼ਲਾਘਾਯੋਗ ਉਪਰਾਲਾ
ਨੰਗਲ, 30 ਅਕਤੂਬਰ 2020 - ਰਿਵਾਇਤੀ ਫਸਲੀ ਚੱਕਰ ਛੱਡ ਕੇ ਬਹੁਤ ਸਾਰੇ ਕਿਸਾਨ ਅੱਜ ਫਸਲੀ ਵਿਭਿੰਨਤਾ ਅਪਣਾ ਰਹੇ ਹਨ। ਬੇਲਾ ਰਾਮਗੜ੍ਹ ਦਾ ਸਫਲ ਕਿਸਾਨ ਕਰਮ ਸਿੰਘ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਰਿਹਾ ਹੈ। ਉਸ ਵਲੋਂ ਆਪਣੇ 25 ਏਕੜ ਦੇ ਖੇਤਾਂ ਵਿੱਚੋਂ 5 ਏਕੜ ਵਿੱਚ ਪਾਪੂਲਰ, 10 ਏਕੜ ਵਿੱਚ ਮੱਕੀ, 3 ਏਕੜ ਵਿੱਚ ਮੱਕਾ, 10 ਏਕੜ ਵਿੱਚ ਝੋਨਾ ਅਤੇ ਹੋਰ ਸਬਜੀਆਂ ਲਗਾਈਆਂ ਗਈਆਂ ਹਨ। ਉਹ ਲੋੜ ਅਨੁਸਾਰ ਮੱਝਾਂ ਅਤੇ ਗਾਵਾਂ ਦਾ ਪਸ਼ੂਧਨ ਵੀ ਪਾਲ ਰਿਹਾ ਹੈ ਅਤੇ ਕਦੇ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਂਦਾ ਹੈ ਉਸ ਵਲੋਂ ਕਿਸਾਨਾਂ ਦੀ ਭਲਾਈ ਲਈ ਖੇਤੀਬਾੜੀ ਵਿਭਾਗ ਵਲੋਂ ਦਿੱਤੀ ਜਾਦੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਖੇਤੀਬਾੜੀ ਕੀਤੀ ਜਾ ਰਹੀ ਹੈ ਜਿਸਦਾ ਉਸਨੂੰ ਚੋਖਾ ਲਾਭ ਹੋਇਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਲੋਂ ਅਜਿਹੇ ਕਿਸਾਨਾਂ ਨੂੰ ਭਰਵਾਂ ਹੂੰਗਾਰਾ ਦੇ ਕੇ ਹੋਰ ਕਿਸਾਨਾਂ ਲਈ ਪ੍ਰਰੇਣਾ ਸਰੋਤ ਬਣਾਇਆ ਗਿਆ ਹੈ। ਵਾਤਾਵਰਣ ਅਤੇ ਪੋਣ ਪਾਣੀ ਦੇ ਰਾਖੇ ਇਹ ਕਿਸਾਨ ਜਿਥੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਉਂਦੇ ਹਨ ਉਥੇ ਉਹਨਾਂ ਵਲੋਂ ਘੱਟ ਖਾਦਾਂ ਅਤੇ ਘੱਟ ਕੀਟਨਾਸ਼ਕ ਦੀ ਵਰਤੋਂ ਕਰਕੇ ਮਨੁੱਖੀ ਸਿਹਤ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਵੀ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਖੇਤੀਬਾੜੀ ਵਿਭਾਗ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਖੇਤੀਬਾੜੀ ਅਫਸਰ ਸਤਵੰਤ ਸਿੰਘ ਅਤੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਜਿਥੇ ਇਹ ਦਫਤਰ ਕਿਸਾਨਾਂ ਨੂੰ ਉਤਮ ਕਿਸਮ ਦੇ ਕਣਕ ਦੇ ਬੀਜ ਮੁਹੱਈਆ ਕਰਵਾ ਰਿਹਾ ਹੈ ਉਥੇ ਕਿਸਾਨਾਂ ਨੂੰ ਫਸਲਾਂ ਦੀ ਸਾਂਭ ਸੰਭਾਲ ਕਰਨ ਸਮੇਂ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਦੀ ਪ੍ਰਰੇਣਾ ਦੇ ਰਿਹਾ ਹੈ। ਜਿਸ ਤੋਂ ਬਹੁਤ ਸਾਰੇ ਕਿਸਾਨ ਪ੍ਰਭਾਵਿੱਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੁਪਰ ਸੀਡਰ ਅਤੇ ਹੈਪੀ ਸੀਡਰ ਵਰਤਣ ਦੀ ਦਿੱਤੀ ਜਾਣ ਵਾਲੀ ਜਾਣਕਾਰੀ ਅਤੇ ਟੋਲ ਫਰੀ ਨੰਬਰ ਕਿਸਾਨ ਗਰੁੱਪਾਂ ਵਿੱਚ ਵਟਐਪ ਤੇ ਸਾਂਝੀ ਕੀਤੀ ਗਈ ਹੈ ਜਿਥੇ ਕਿਸਾਨ ਅਧੁਨਿਕ ਮਸ਼ੀਨਰੀ ਦੀ ਵਰਤੋਂ ਦੇ ਲਾਭ ਬਾਰੇ ਜਾਗਰੂਕ ਹੋ ਰਹੇ ਹਨ।