ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ 2020 - ਪਿੰਡ ਬਰੀਵਾਲਾ ਵਿਖੇ ਇੱਕ ਕਾਰ ਦਾ ਸੰਤੁਲਨ ਵਿਗੜਨ ਨਾਲ ਦਰੱਖਤ ਨਾਲ ਟਕਰਾਈ ਕਾਰ ਦੌਰਾਨ ਗੱਡੀ ਚਾਲਕ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਰਜਿੰਦਰਪਾਲ ਸਿੰਘ ਵਾਸੀ ਜਲਾਲਾਬਾਦ ਆਪਣੀ ਰਿਟੇਜ਼ ਕਾਰ ਨੰਬਰ ਬੀਐਲ 2 ਸੀਐਨ 0861 ’ਤੇ ਸਵਾਰ ਹੋ ਕੇ ਬਰੀਵਾਲਾ ਵਿਖੇ ਆਪਣੇ ਖੇਤ ’ਚ ਗੇੜਾ ਮਾਰਨ ਆਇਆ ਸੀ, ਜਦੋਂ ਉਹ ਵਾਪਿਸ ਜਲਾਲਾਬਾਦ ਜਾ ਰਿਹਾ ਸੀ ਤਾਂ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਸਥਿਤ ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰ ਉਸਨੂੰ ਨੀਂਦ ਦੀ ਝਪਕੀ ਆਈ, ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸੜਕ ਦੇ ਕਿਨਾਰੇ ਦਰੱਖਤ ਨਾਲ ਟਕਰਾਅ ਗਈ, ਜਿਸ ਨਾਲ ਗੱਡੀ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਸਥਾਨਕ ਕੋਟਕਪੂਰਾ ਰੋਡ ਸਥਿਤ ਡਾ: ਬਾਂਸਲ ਨਰਸਿੰਗ ਹੋਮ ਵਿਖੇ ਦਾਖ਼ਲ ਕਰਾਇਆ ਗਿਆ, ਜਿੱਥੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਡਾ: ਮੁਕੇਸ਼ ਬਾਂਸਲ ਨੇ ਦੱਸਿਆ ਕਿ ਜ਼ਖਮੀ ਦੀ ਹਾਲਤ ਵਿੱਚ ਸੁਧਾਰ ਤੇ ਉਸਨੂੰ ਆਈਸੀਯੂ ’ਚ ਦਾਖ਼ਲ ਕੀਤਾ ਗਿਆ ਹੈ। ਉਧਰ ਥਾਣਾ ਬਰੀਵਾਲਾ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।