- ਸ਼ਹੀਦ ਦੇ ਪਰਿਵਾਰ ਨੂੰ ਕੀਤਾ ਗਿਆ ਸਨਮਾਨ
ਫਿਰੋਜ਼ਪੁਰ 30 ਅਕਤੂਬਰ 2020 - ਅੱਜ ਇਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਾਰਗੜੀ ਫਾਊਂਡੇਸ਼ਨ ਵੱਲੋਂ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਛੋਟੀ ਉਮਰ ਦੇ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ਹੀਦ ਗੁਰਤੇਜ ਸਿੰਘ ਦੇ ਲਈ ਰਾਸ਼ਟਰਪਤੀ ਤੋਂ ਉਸ ਦੀ ਅਸੀਮ ਸ਼ਹਾਦਤ ਦੇ ਲਈ ਗੈਲੈਂਟਰੀ ਐਵਾਰਡ ਦੇਣ ਦੀ ਮੰਗ ਕੀਤੀ। ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਪੰਜਾਬ ਦੇ ਸ਼ਹੀਦ ਗੁਰਤੇਜ ਸਿੰਘ ਜੋ ਕਿ ਲੇਹ ਲਦਾਖ ਦੀ ਗਲਵਾਨ ਘਾਟੀ ਵਿਚ ਚੀਨ ਬਾਰਡਰ 'ਤੇ ਸੀ, ਚੀਨੀ ਸਮਝੌਤੇ ਦੇ ਤਹਿਤ ਬਿਨਾ ਹਥਿਆਰਾਂ ਦੇ ਆਪਣੀ ਡਿਊਟੀ ਤੈਨਾਤ ਸੀ।
ਜਦ ਚੀਨੀ ਸੈਨਿਕਾਂ ਨੇ ਲੋਹੇ ਦੀਆਂ ਤਾਰਾਂ ਵਾਲੇ ਵੱਡੇ ਬਰਸ਼ੇ ਨਾਲ ਭਾਰਤੀ ਫੌਜ਼ 'ਤੇ ਹਮਲਾ ਕੀਤਾ ਤਾਂ ਗੁਰਤੇਜ ਸਿੰਘ ਨੇ ਉਨ੍ਹਾਂ ਤੋਂ ਹਥਿਆਰ ਖੋਹ ਕੇ 8 ਤੋਂ 10 ਚੀਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਸ਼ਹੀਦ ਹੋ ਗਿਆ। ਇਸ ਮੌਕੇ ਬੋਲਦਿਆਂ ਫਾਉਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਆਉਣ ਵਾਲੀਆਂ ਨਸਲਾਂ ਲਈ ਮਿਸਾਲ ਹਨ ਸਹੀਦ। ਓਹਨਾ ਕਿਹਾ ਕਿ ਸਾਡਾ ਬੱਚਾ ਗੁਰਤੇਜ ਸਿੰਘ ਕੱਲੇ ਪੰਜਾਬੀਆਂ ਲਈ ਨਹੀਂ ਸਗੋਂ ਸਮੁੱਚੇ ਦੇਸ਼ ਲਈ ਕੁਰਬਾਨ ਹੋਇਆ ਹੈ। ਸਰਦਾਰ ਜੋਸਨ ਨੇ ਵੀ ਭਾਰਤ ਸਰਕਾਰ ਤੋ ਸ਼ਹੀਦ ਗੁਰਤੇਜ ਸਿੰਘ ਨੂੰ ਬਣਦੇ ਸਨਮਾਨ ਦੀ ਗੱਲ ਆਖੀ। ਪ੍ਰੋਗਰਾਮ ਕੋਆਰਡੀਨੇਟਰ ਗੁਰਭੇਜ ਸਿੰਘ ਟਿੱਬੀ ਵੱਲੋ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੋਗਰਾਮ ਉਲੀਕਿਆ ਗਿਆ ਸੀ।
ਇਸ ਮੌਕੇ ਤੇ ਸ਼ਹੀਦ ਦੇ ਮਾਤਾ ਪ੍ਰਕਾਸ਼ ਕੌਰ ,ਪਿਤਾ ਵਿਰਸਾ ਸਿੰਘ ਨੂੰ ਫ਼ਾਉਡੇਸ਼ਨ ਵੱਲੋ ਸ਼ਾਲਾਂ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਤੋਂ ਪਹਿਲਾ ਸ਼ਹੀਦ ਦਾ ਪਰਿਵਾਰ ਗੁਰੂਦਵਾਰਾ ਸਾਹਿਬ ਵਿਖੇ ਨਤਮਸਕ ਹੋਇਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਗੁਰਜੀਤ ਸਿੰਘ ਚੀਮਾ, ਰਣਜੀਤ ਸਿੰਘ ਖਾਲਸਾ, ਕਮਲਜੀਤ ਕੌਰ ਗਿੱਲ, ਤਰਨਦੀਪ ਸਿੰਘ ਸੰਧਰ, ਹਰਪਾਲ ਸਿੰਘ ਟਿੱਬੀ ਆਦਿ ਹਾਜ਼ਿਰ ਸਨ।