ਗਰਭਵਤੀ ਔਰਤ ਦੇ ਢਿੱਡ ਮੁੱਕੇ ਮਾਰਨ ਅਤੇ 3 ਮਹੀਨੇ ਦੇ ਭਰੂਣ ਬੱਚੇ ਦੀ ਮੌਤ ਦੇ ਦੋਸ਼ ਵਿਚ ਤਿੰਨ ਨਾਮਜ਼ਦ
ਫਿਰੋਜ਼ਪੁਰ, 31 ਅਕਤੂਬਰ 2020 : ਇਕ ਗਰਭਵਤੀ ਔਰਤ ਦੀ ਕੁੱਟਮਾਰ ਕਰਨ ਅਤੇ ਉਸ ਢਿੱਡ ਵਿਚ ਮੁੱਕੇ ਕਾਰਨ ਅਤੇ 3 ਮਹੀਨੇ ਦੇ ਭਰੂਣ ਬੱਚੇ ਦੀ ਮੌਤ ਹੋ ਜਾਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 316, 452, 509, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਵਨੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਨਵਾਂ ਬਾਰੇ ਕੇ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਦੋਸ਼ੀਅਨ ਅਵਤਾਰ ਸਿੰਘ ਪੁੱਤਰ ਲਛਮਣ ਸਿੰਘ, ਗੁਰਚਰਨ ਸਿੰਘ ਪੁੱਤਰ ਅਵਤਾਰ ਸਿੰਘ, ਦਰਸ਼ਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਨਵਾਂ ਬਾਰੇ ਕੇ ਨਾਲ ਪਹਿਲਾ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਸੀ ਤੇ ਦੋਸ਼ੀਅਨ ਨੂੰ ਘਰ ਆਉਣ ਤੋਂ ਰੋਕਦੀ ਸੀ। ਨਵਨੀਤ ਕੌਰ ਨੇ ਦੱਸਿਆ ਬੀਤੀ 15 ਸਤੰਬਰ 2020 ਦੀ ਰਾਤ ਨੰ ਉਹ ਆਪਣੇ ਘਰ ਦੇ ਵਿਹੜੇ ਵਿਚ ਨਲਕੇ ਤੋਂ ਪਾਣੀ ਭਰਨ ਗਈ ਤਾਂ ਦੋਸ਼ੀਅਨ ਨੇ ਹਮਮਸ਼ਵਰਾ ਹੋ ਕੇ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਪਿੰਡ ਢਿੱਡ ਵਿਚ ਮੁੱਕੇ ਮਾਰੇ। ਨਵਨੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਚੀਕ ਚਿਹਾੜਾ ਪਾਉਣ ਤੇ ਦੋਸ਼ੀਅਨ ਮੌਕੇ ਤੋਂ ਭੱਜ ਗਏ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿਥੇ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੇ 3 ਮਹੀਨੇ ਦੇ ਭਰੂਣ ਬੱਚੇ ਦੀ ਮੌਤ ਹੋ ਗਈ ਹੈ ਜਿਸ ਕਰਕੇ ਡਾਕਟਰ ਨੇ ਉਸ ਦਾ ਆਬਰਸ਼ਨ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।