ਲੁੱਟਾਂ ਖੋਹਾਂ ਦੀ ਤਿਆਰੀ ਕਰ ਰਹੇ ਚੋਰ ਗਿਰੋਹ ਦੇ 6 ਮੈਂਬਰ ਹਥਿਆਰਾਂ ਸਮੇਤ ਗ੍ਰਿਫਤਾਰ
ਫਿਰੋਜ਼ਪੁਰ, 31 ਅਕਤੂਬਰ 2020 : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਲੁੱਟਾਂ ਖੋਹਾਂ ਦੀ ਤਿਆਰੀ ਕਰ ਰਹੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ 399, 402, 379, 411 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਮਨਦੀਪ ਕੰਬੋਜ਼ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਸੁਰਜੀਤ ਸਿੰਘ ਉਰਫ ਮੰਗਤ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਭਾਨੇ ਵਾਲੀ, ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਮਲਕੀਤ ਸਿੰਘ ਵਾਸੀ ਮਸਤੇ ਕੇ, ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਬੰਨ ਵਾਲਾ ਵੇਹੜਾ, ਭਾਰਤ ਨਗਰ, ਸਮਸ਼ੇਰ ਸਿੰਘ ਉਰਫ ਸ਼ੈਰੀ ਪੁੱਤਰ ਸੁਖਚੈਨ ਸਿੰਘ ਵਾਸੀ ਨੇੜੇ ਮੰਦਿਰ ਬਸਤੀ ਨਿਜ਼ਾਮਦੀਨ ਵਾਲੀ ਫਿਰੋਜ਼ਪੁਰ ਸ਼ਹਿਰ, ਪੰਮਾ ਪੁੱਤਰ ਮਾਇਕਲ ਵਾਸੀ ਬਸਤੀ ਖਾਨੂੰ ਵਾਲੀ ਨੇੜੇ ਬਸਤੀ ਨਿਜ਼ਾਮਦੀਨ ਫਿਰੋਜ਼ਪੁਰ ਸ਼ਹਿਰ ਅਤੇ ਸੰਨੀ ਪੁੱਤਰ ਰਾਮ ਨਾਥ ਵਾਸੀ ਬਸਤੀ ਨਿਜ਼ਾਮਦੀਨ ਜੋ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਦੇ ਆਦੀ ਹਨ ਜੋ ਅੱਜ ਵੀ ਝਾੜੀਆਂ ਨੇੜੇ ਬਜਾਜ ਡੇਅਰੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਵਿਚ ਬੈਠੇ ਲੁੱਟ ਕਰਨ ਦੀ ਤਿਆਰੀ ਕਰ ਰਹੇ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਤੇ ਇਨ੍ਹਾਂ ਕੋਲੋਂ 3 ਮੋਟਰਸਾਈਕਲ, ਮਾਰਕਾ ਸਪਲੈਂਡਰ ਰੰਗ ਕਾਲਾ ਬਿਨ੍ਹਾ ਨੰਬਰੀ, 4 ਕਾਪੇ ਤੇ 2 ਤਲਵਾਰਾਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।