ਹਰਜਿੰਦਰ ਸਿੰਘ ਭੱਟੀ
- ਡਾਇਰੈਕਟਰ ਸਿਹਤ ਸੇਵਾਵਾਂ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
- ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ
ਐਸ.ਏ.ਐਸ. ਨਗਰ , 31 ਅਕਤੂਬਰ 2020 - ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਲੋਕਾਂ ਨੂੰ ਗੈਰ ਸੰਚਾਰਿਤ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ ਫੇਜ਼-5, ਤੋਂ ਲੈ ਕੇ ਫੇਜ਼-11 ਤੱਕ ਕੱਢੀ ਗਈ। ਇਸ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ ਅਤੇ ਬੱਚਿਆਂ ਨੇ ਵੀ ਇਸ ਰੈਲੀ ਵਿੱਚ ਉਤਸਾਹ ਦਿਖਾਇਆ। ਇਸ ਰੈਲੀ ਨੂੰ ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਦੌਰਾਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵਿੱਚ ਗੈਰ ਸੰਚਾਰਿਤ ਬਿਮਾਰੀਆਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਸਟਰੋਕ, ਦਿਲ ਦੀਆਂ ਬਿਮਾਰੀਆਂ ਆਦਿ ਵੱਧ ਰਹੀਆਂ ਹਨ। ਇਸ ਤੋਂ ਬਚਣ ਲਈ ਲੋਕਾਂ ਨੂੰ ਕਸਰਤ ਦੇ ਨਾਲ ਨਾਲ ਸਾਇਕਲ ਦੀ ਵਰਤੋਂ ਜਿਆਦਾ ਕਰਨ ਦੀ ਜ਼ਰੂਰਤ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਮੰਤਵ ਨਾਲ ਹੀ ਅੱਜ ਸਾਇਕਲ ਰੈਲੀ ਕੱਢੀ ਗਈ ਹੈ ਤਾਂ ਜੋ ਲੋਕਾਂ ਨੂੰ ਸਾਇਕਲ ਚਲਾਉਣ ਸੰਬੰਧੀ ਪ੍ਰੇਰਿਤ ਕੀਤਾ ਜਾ ਸਕੇ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਨੂੰ ਘਰ-ਘਰ ਚਿੱਠੀ ਰਾਹੀਂ ਸੁਨੇਹਾ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 29 ਅਕਤੂਬਰ, 2020 ਨੂੰ ਵਿਸ਼ਵ ਸਟਰੋਕ ਦਿਵਸ, 7 ਨਵੰਬਰ, 2020 ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਅਤੇ 14 ਨਵੰਬਰ, 2020 ਨੂੰ ਵਰਲਡ ਡਾਇਬਟੀਸ ਡੇ ਮਨਾਇਆ ਜਾਂਦਾ ਹੈ। ਇਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਮੇਂ ਰਹਿੰਦੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਸਾਇਕਲ ਰੈਲੀ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੀ ਖਾਸ ਤੌਰ ਤੇ ਹਿੱਸਾ ਲਿਆ। ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਟੀ-ਸ਼ਰਟ, ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਟੇਟ ਪ੍ਰੋਗਰਾਮ ਅਫ਼ਸਰ-ਐਨ.ਪੀ.ਸੀ.ਡੀ.ਸੀ.ਐਸ. ਡਾ. ਸੰਦੀਪ ਸਿੰਘ ਤੇ ਸਿਵਲ ਸਰਜਨ ਮੋਹਾਲੀ ਡਾ. ਜੀ.ਬੀ. ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।