ਹਰਜਿੰਦਰ ਸਿੰਘ ਭੱਟੀ
- 2 ਲੱਖ 04 ਹਜ਼ਾਰ 512 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ
- ਕਿਸਾਨਾਂ ਨੂੰ 347 ਕਰੋੜ 50 ਲੱਖ ਰੁਪਏ ਦੀ ਰਕਮ ਕੀਤੀ ਜਾਰੀ
ਐਸ.ਏ.ਐਸ ਨਗਰ, 31 ਅਕਤੂਬਰ 2020 - ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸਥਾਪਿਤ ਕੀਤੇ ਖਰੀਦ ਕੇਂਦਰਾਂ ਵਿੱਚ ਹੁਣ ਤੱਕ 02 ਲੱਖ 04 ਹਜ਼ਾਰ 447 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਖਰੀਦ ਕੇਂਦਰਾਂ ਵਿਚ ਹੁਣ ਤੱਕ 02 ਲੱਖ 04 ਹਜ਼ਾਰ 512 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਖਰੀਦ ਕੀਤੇ ਝੋਨੇ ਵਿੱਚੋਂ 01 ਲੱਖ 88 ਹਜ਼ਾਰ 829 ਮੀਟਰਕ ਟਨ ਝੋਨੇ ਦੀ ਚੁਕਵਾਈ ਕਰਵਾਈ ਗਈ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਖਰੀਦ ਕੀਤੇ ਝੋਨੇ ਦੀ ਅਦਾਇਗੀ ਯੋਗ ਰਕਮ 385 ਕਰੋੜ 19 ਲੱਖ ਰੁਪਏ ਬਣਦੀ ਹੈ ਜਿਸ ਵਿੱਚੋਂ ਕਿਸਾਨਾਂ ਨੂੰ 347 ਕਰੋੜ 50 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।
ਝੋਨੇ ਦੀ ਖਰੀਦ ਸਬੰਧੀ ਏਜੰਸੀ ਵਾਰ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 52 ਹਜ਼ਾਰ 790 ਮੀਟਰਕ ਟਨ, ਮਾਰਕਫੈੱਡ ਵੱਲੋਂ 72 ਹਜ਼ਾਰ 992 ਮੀਟਰਕ ਟਨ, ਪਨਸਪ ਵੱਲੋਂ 36 ਹਜ਼ਾਰ 609 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 25 ਹਜ਼ਾਰ 004 ਮੀਟਰਕ ਟਨ, ਐਫ.ਸੀ.ਆਈ ਵੱਲੋਂ 16 ਹਜ਼ਾਰ 621 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 431 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ। ਅਸੀਂ ਸਾਰੇ ਵੀ ਇਹੀ ਇੱਛਾ ਅਤੇ ਅਰਦਾਸ ਕਰਦੇ ਹਾਂ ।ਪਰ ਅਸੀਂ ਉਦੋਂ ਤੱਕ ਸੁਰੱਖਿਆ ਨਿਯਮਾਂ ਨੂੰ ਅਪਣਾਉਣਾ ਨਹੀਂ ਛੱਡਾਂਗੇ, ਜਦੋਂ ਤੱਕ ਵਾਇਰਸ ਖ਼ਤਮ ਨਹੀਂ ਹੋ ਜਾਂਦਾ । ਉਨ੍ਹਾਂ ਨੇ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ । ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦੇਣ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ।