ਪੁਰਾਣੀ ਰੰਜਸ਼ ਦੇ ਕਾਰਨ ਦੋ ਧਿਰਾਂ ਵਿਚਕਾਰ ਖੂਨੀ ਝੜਪ, ਤਿੰਨ ਵਿਅਕਤੀ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 29 ਮਾਰਚ 2024: ਬੀਤੀ ਰਾਤ ਰੂਪਨਗਰ ਸ਼ਹਿਰ ਵਿੱਚ ਪੁਰਾਣੀ ਰੰਜਸ਼ ਦੇ ਚਲਦਿਆਂ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋਣ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਥਾਨਕ ਅਲੀ ਮੁਹੱਲਾ ਵਿੱਚ ਦੋ ਧਿਰਾਂ ਵਿਚਕਾਰ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਵਿਚ ਤਿੰਨ ਵਿਅਕਤੀ ਜਿਨ੍ਹਾਂ ਦੀ ਪਛਾਣ ਅਮਿਤ ਸ਼ਰਮਾ, ਸੁਮਿਤ ਸ਼ਰਮਾ ਅਤੇ ਕਰਨ ਚੋਪੜਾ ਵਜੋਂ ਹੋਈ ਹੈ ਜ਼ੋ ਕਿ ਗੰਭੀਰ ਰੂਪ ਵਿੱਚ ਫੱਟੜ ਹੋ ਗਏ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਸਰਕਾਰੀ ਹਸਪਤਾਲ ਰੂਪਨਗਰ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਖ਼ਮੀ ਧਿਰ ਦੇ ਵਿਅਕਤੀ ਦੇ ਭਰਾ ਆਸ਼ੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਦੇ ਕਰੀਬ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਤੇ ਹਮਲਾ ਕੀਤਾ ਅਤੇ ਜਦੋਂ ਉਹ ਇਸ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾ ਰਹੇ ਸਨ ਤਾਂ ਮਗਰੋਂ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਨਾਂ ਦੇ ਘਰ ਵਿੱਚ ਮੌਜੂਦ ਵਿਆਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਸਿਟੀ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਨੂੰ ਦੀ ਗਿਰਫ਼ਤਾਰੀ ਲਈ ਪੁਲਿਸ ਵੱਲੋ ਛਾਪੇਮਾਰੀ ਜਾਰੀ ਹੈ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।