ਸਿੱਖਿਆ ਦੇ ਖੇਤਰ ਵਿੱਚ ਅਜਿਹੀ ਕ੍ਰਾਂਤੀ ਲਿਆਂਦੀ ਜਾਵੇਗੀ ਕਿ ਪੜ੍ਹਾਈ ਪੂਰੀ ਹੁੰਦੇ ਹੀ ਰੁਜ਼ਗਾਰ ਮਿਲੇਗਾ: ਹੰਸ ਰਾਜ ਹੰਸ
- ਇਲਾਕੇ ਦੇ ਬਹੁਪੱਖੀ ਵਿਕਾਸ ਲਈ ਸਾਈਂ ਹੰਸ ਰਾਜ ਹੰਸ ਨੂੰ ਜਿਤਾਇਆ ਜਾਵੇ : ਗੋਰਵ ਕੱਕੜ
- ਵਿਕਸਤ ਭਾਰਤ ਬਣਾਉਣ ਦੀ ਯਾਤਰਾ 'ਚ ਦੇਸ਼ ਦੀ ਮਹਿਲਾ ਸ਼ਕਤੀ ਦੀ ਬਰਾਬਰ ਦੀ ਹਿੱਸੇਦਾਰੀ ਹੋਵੇਗੀ: ਅੰਜੂ ਸ਼ਰਮਾ
ਦੀਪਕ ਗਰਗ
ਕੋਟਕਪੂਰਾ 15 ਅਪ੍ਰੈਲ 2024 - ਅੱਜ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਕੋਟਕਪੂਰਾ ਵਿਖੇ ਭਾਜਪਾ ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਅੰਜੂ ਸ਼ਰਮਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫ਼ਰੀਦਕੋਟ ਲੋਕ ਸਭਾ ਨਾਲ ਸਬੰਧਿਤ ਸਾਰੇ ਵਿਧਾਨ ਸਭਾ ਹਲਕਿਆਂ 'ਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਅਤੇ ਲੋਕਾਂ ਦੀ ਤਰੱਕੀ ਲਈ ਉਨ੍ਹਾਂ ਵੱਲੋਂ ਪਹਿਲਾਂ ਹੀ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਸਿੱਖਿਆ ਨੂੰ ਲੈ ਕੇ ਅਜਿਹੀ ਕ੍ਰਾਂਤੀ ਲਿਆਂਦੀ ਜਾਵੇਗੀ ਕਿ ਪੜ੍ਹਾਈ ਪੂਰੀ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਲੋਕ ਸਭਾ ਹਲਕੇ ਵਿੱਚ ਲੋੜ ਅਨੁਸਾਰ ਵੱਡੇ ਉਦਯੋਗ ਵੀ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ, ਜਨਰਲ ਸਕੱਤਰ ਰਾਜਨ ਨਾਰੰਗ, ਜ਼ਿਲ੍ਹਾ ਉਪ ਪ੍ਰਧਾਨ ਰਾਕੇਸ਼ ਗੋਇਲ, ਸੀਨੀਅਰ ਭਾਜਪਾ ਆਗੂ ਮੁਕੇਸ਼ ਗਰਗ, ਰਾਮ ਪਾਲ ਬਰਗਾੜੀ, ਵਰੁਣ ਗੋਇਲ, ਸਤਪਾਲ ਅਰੋੜਾ ਅਤੇ ਡਾ: ਸਤੀਸ਼ ਸ਼ਰਮਾ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਈਂ ਹੰਸ ਰਾਜ ਹੰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ। ਇਸ ਨਾਲ ਇਸ ਪਛੜੇ ਖੇਤਰ ਦਾ ਬਹੁਪੱਖੀ ਵਿਕਾਸ ਹੋਵੇਗਾ।।
ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਅੰਜੂ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ 2024 ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਵਿਕਸਤ ਭਾਰਤ ਬਣਾਉਣ ਦੇ ਸਫ਼ਰ ਵਿੱਚ ਦੇਸ਼ ਦੀ ਨਾਰੀ ਸ਼ਕਤੀ ਦੀ ਬਰਾਬਰ ਸ਼ਮੂਲੀਅਤ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਨਵੀਆਂ ਕਾਨੂੰਨੀ ਵਿਵਸਥਾਵਾਂ ਅਤੇ ਨੀਤੀਆਂ ਰਾਹੀਂ ਔਰਤਾਂ ਨੂੰ ਸਨਮਾਨਜਨਕ ਜੀਵਨ ਯਕੀਨੀ ਬਣਾ ਕੇ ਬਰਾਬਰ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।