ਤਰਨਜੀਤ ਸਮੁੰਦਰੀ ਨੇ ਸ਼੍ਰੀ ਗੋਪਾਲ ਮੰਦਿਰ ਮਾਤਾ ਦੀ ਚੌਂਕੀ ਅਤੇ ਜ਼ਾਮਨ ਵਾਲੀ ਸੜਕ ਅੰਮ੍ਰਿਤਸਰ ਵਿਖੇ ਮਾਤਾ ਰਾਣੀ ਦੇ ਜਗਰਾਤੇ ਵਿੱਚ ਭਰੀ ਹਾਜ਼ਰੀ
- ਅੰਮ੍ਰਿਤਸਰ ਨੂੰ ਵਿਕਾਸਸ਼ੀਲ ਤੋਂ ਵਿਕਸਤ ਵੱਲ ਲੈ ਕੇ ਜਾਵਾਂਗੇ- ਤਰਨਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,16 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਕਸ਼ਮੀਰ ਐਵਿਨਿਊ ਵਿਖੇ ਸ਼੍ਰੀ ਗੋਪਾਲ ਮੰਦਿਰ ਮਾਤਾ ਦੀ ਚੌਂਕੀ ਵੀ ਹਾਜ਼ਰੀ ਭਰੀ ਅਤੇ ਅਸੀਸਾਂ ਪ੍ਰਾਪਤ ਕੀਤੀਆਂ। ਉਪਰੰਤ ਉਨ੍ਹਾਂ ਜ਼ਾਮਨ ਵਾਲੀ ਸੜਕ ਅੰਮ੍ਰਿਤਸਰ ਵਿਖੇ ਮਾਤਾ ਰਾਣੀ ਦੇ ਜਗਰਾਤੇ ਵਿੱਚ ਹਾਜ਼ਰੀ ਭਰ ਕੇ ਮਾਂ ਭਗਵਤੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਸੰਗਤਾਂ ਦਾ ਪਿਆਰ ਅਤੇ ਸਤਿਕਾਰ ਪ੍ਰਾਪਤ ਕੀਤਾ। ਜਗਰਾਤਾ ਪ੍ਰਬੰਧਕਾਂ ਵੱਲੋਂ ਸੰਧੂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਧੂ ਨੇ ਪਿਆਰ ਤੇ ਸਤਿਕਾਰ ਲਈ ਸੰਗਤ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਦੁਰਗਾ ਅਸ਼ਟਮੀ ਮੌਕੇ ਮਾਂ ਦੁਰਗਾ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਮਾਤਾ ਰਾਣੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ।ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਲਈ ਆਪਣਾ ਵਿਜ਼ਨ ਲੋਕਾਂ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਵਿਕਾਸਸ਼ੀਲ ਤੋਂ ਵਿਕਸਤ ਵੱਲ ਲੈ ਕੇ ਜਾਣਗੇ। ਅੰਮ੍ਰਿਤਸਰ ਵਿੱਚ ਸਨਅਤ ਅਤੇ ਵਪਾਰ ਨੂੰ ਹਰਮਨ ਪਿਆਰਾ ਬਣਾ ਕੇ ਵੱਡੀਆਂ ਕੰਪਨੀਆਂ ਨੂੰ ਅੰਮ੍ਰਿਤਸਰ ਵਿੱਚ ਨਿਵੇਸ਼ ਕਰਨ ਲਈ ਲਿਆਂਦਾ ਜਾਵੇਗਾ ਅਤੇ ਅੰਮ੍ਰਿਤਸਰ ਵਿੱਚ ਵਿਕਾਸ ਦੀ ਅਜਿਹੀ ਲਹਿਰ ਆਵੇਗੀ ਕਿ ਇੱਥੋਂ ਪਰਵਾਸ ਕਰ ਰਹੇ ਪੰਜਾਬੀ ਬੱਚੇ ਆਪਣੇ ਇਲਾਕੇ ਵਿੱਚ ਹੀ ਰੁਜ਼ਗਾਰ ਪ੍ਰਾਪਤ ਕਰ ਸਕਣਗੇ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਲਈ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੇ ਕਾਂਗਰਸ ਦੇ ਜਿਸ ਨੁਮਾਇੰਦੇ ਨੂੰ ਲੋਕ ਸਭਾ ਵਿੱਚ ਭੇਜਿਆ,ਉਹ ਵਿਅਕਤੀ ਪਿਛਲੇ 7 ਸਾਲਾਂ ਵਿੱਚ ਅੰਮ੍ਰਿਤਸਰ ਵਿੱਚ ਕੋਈ ਪ੍ਰੋਜੈਕਟ ਨਹੀਂ ਲਿਆ ਸਕਿਆ ਅਤੇ ਨਾ ਹੀ ਕੋਈ ਨਿਵੇਸ਼ ਕਰਾ ਸਕਿਆ।ਜਿਸ ਕਾਰਨ ਅੰਮ੍ਰਿਤਸਰ ਦਾ ਗਰਾਫ਼ ਦਿਨੋਂ ਦਿਨ ਡਿੱਗਦਾ ਰਿਹਾ ਅਤੇ ਅੱਜ ਸ਼ਹਿਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ।ਨਾ ਹੀ ਕਾਂਗਰਸ ਨੁਮਾਇੰਦੇ ਵੱਲੋਂ ਇੱਕ ਵੀ ਸਮੱਸਿਆ ਦਾ ਹੱਲ ਕੀਤਾ ਗਿਆ। ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਹੈ ਅਤੇ ਇੱਥੇ ਗੰਦਗੀ ਦੀ ਭਰਮਾਰ ਅਤੇ ਹਾਲਤ ਇਹ ਸਾਬਤ ਕਰਦੀ ਹੈ ਕਿ ਚੁਣੇ ਹੋਏ ਲੋਕਾਂ ਨੇ ਇਸ ਪਵਿੱਤਰ ਨਗਰੀ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ।
ਉਹ ਅੰਮ੍ਰਿਤਸਰ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਨੂੰ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਤੇਜ਼ੀ ਨਾਲ ਵਿਕਾਸ ਵੱਲ ਵਧ ਸਕਦੇ ਹਾਂ ਅਤੇ ਉਹ ਅੰਮ੍ਰਿਤਸਰ ਵਿੱਚ ਵਿਕਾਸ ਦਾ ਵਿਜ਼ਨ ਲੈ ਕੇ ਆਏ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਅੰਮ੍ਰਿਤਸਰ ਦੇ ਲੋਕ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ।