ਅੱਗ ਲੱਗਣ ਨਾਲ 3 ਵਿੱਘੇ ਕਣਕ ਦੀ ਫਸਲ ਤੇ ਅੱਧਾ ਕਿੱਲਾ ਨਾੜ ਸੜ੍ਹ ਕੇ ਸੁਆਹ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਅਪ੍ਰੈਲ 2024: ਅੱਗ ਲੱਗਣ ਕਾਰਨ ਪਿੰਡ ਬੱਲੋਪੁਰ ਦੇ 2 ਕਿਸਾਨਾਂ ਦੀ 3 ਵਿੱਘੇ ਕਣਕ ਅਤੇ ਅੱਧਾ ਕਿੱਲਾ ਨਾੜ ਸੜ੍ਹ ਕੇ ਸੁਆਹ ਹੋ ਗਈ ਹੈ। ਕਿਸਾਨਾਂ ਵੱਲੋਂ ਅੱਗ ਲੱਗਣ ਦਾ ਕਾਰਨ ਬਿਜਲੀ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਿੰਡ ਬੱਲੋਪੁਰ ਦੇ ਪੀੜਤ ਕਿਸਾਨ ਮਾਨ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਖੜੇ ਟਰਾਸਫਾਰਮਰ ਨੇੜੇ ਬਿਜਲੀ ਦੇ ਸਾਰਟ ਸਰਕਟ ਕਾਰਨ ਕਣਕ ਦੀ ਨਾੜ ਨੂੰ ਅੱਗ ਲੱਗ ਗਈ , ਜੋ ਦੇਖਦਿਆਂ ਹੀ ਦੇਖਦਿਆਂ ਨੇੜੇ ਖੜੇ ਕਣਕ ਦੇ ਖੇਤ ਵਿੱਚ ਵੀ ਫੈਲ ਗਈ। ਪਤਾ ਲੱਗਣ ਤੇ ਕਿਸਾਨਾਂ ਨੇ ਕਣਕ ਦੀ ਫਸਲ ਦੀ ਟਰੈਕਟਰ ਨਾਲ ਵਹਾਈ ਕਰ ਦਿੱਤੀ ,ਜਿਸ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ਉੱਤੇ ਕਾਬੂ ਨਾ ਪਾਉਂਦੇ ਤਾਂ ਨੇੜੇ ਪੈਂਦੇ 50 ਦੇ ਕਰੀਬ ਕਿੱਲਿਆਂ 'ਚ ਖੜੀ ਕਣਕ ਅੱਗ ਦੀ ਲਪੇਟ ਵਿੱਚ ਆ ਜਾਣੀ ਸੀ। ਘਟਨਾ ਦੀ ਜਾਣਕਾਰੀ ਫਾਈਰ ਬ੍ਰਿਗੇਡ ਨੂੰ ਵੀ ਦਿੱਤੀ ਗਈ। ਸੂਚਨਾ ਮਿਲਣ ਉਤੇ ਨਗਰ ਕੌਂਸਲ ਲਾਲੜੂ ਵਿਖੇ ਖੜੀ ਡੇਰਾਬੱਸੀ ਦੀ ਫਾਇਰ ਬ੍ਰਿਗੇਡ ਗੱਡੀ ਅਮਲੇ ਸਮੇਤ ਪੁੱਜ ਗਈ। ਫਾਈਰ ਦੀ ਗੱਡੀ ਪੁੱਜਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਅੱਗ ਉੱਤੇ ਕਾਬੂ ਪਾ ਲਿਆ ਸੀ। ਇਸ ਘਟਨਾ ਵਿੱਚ ਕਿਸਾਨ ਮਾਨ ਸਿੰਘ ਦੀ 3 ਵਿੱਘੇ ਕਣਕ ਦੀ ਫਸਲ ਅਤੇ ਪਵਨ ਕੁਮਾਰ ਦੀ ਅੱਧਾ ਕਿੱਲਾ ਕਣਕ ਦੀ ਨਾੜ ਸੜ੍ਹ ਕੇ ਸੁਆਹ ਹੋ ਗਈ ਹੈ।