ਖੱਬੇ ਪੱਖੀ ਜਥੇਬੰਦੀਆਂ ਇਕੱਠਿਆਂ ਮਨਾਉਣਗੀਆਂ 1 ਮਈ ਦਾ ਦਿਹਾੜਾ
ਦਲਜੀਤ ਕੌਰ
ਜਗਰਾਓਂ, 23 ਅਪ੍ਰੈਲ, 2024: ਸੰਸਾਰ ਭਰ ਦੇ ਕਿਰਤੀ ਲੋਕਾਂ ਦਾ ਅਪਣਾ ਤਿਓਹਾਰ ਪਹਿਲੀ ਮਈ ਦਾ ਇਤਿਹਾਸਕ ਦਿਹਾੜਾ ਜਗਰਾਂਓ ਵਿਖੇ ਫਾਸੀਵਾਦ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਸ਼ਹੀਦ ਨੱਛਤਰ ਸਿੰਘ ਯਾਦਗਾਰ ਹਾਲ ਵਿਖੇ ਵੱਖ ਵੱਖ ਜਥੇਬੰਦੀਆਂ/ਪਾਰਟੀਆਂ ਦੀ ਹੋਈ ਮੀਟਿੰਗ ਵਿਚ ਏਟਕ ਵਲੋਂ ਗੁਰਦੀਪ ਸਿੰਘ ਮੋਤੀ, ਰਾਮਜੀਦਾਸ, ਸੀਟੂ ਵਲੋਂ ਮਖਤਿਆਰ ਸਿੰਘ, ਜਮਹੂਰੀ ਕਿਸਾਨ ਸਭਾ ਵਲੋ ਗੁਰਮੇਲ ਸਿੰਘ ਰੂਮੀ, ਇਨਕਲਾਬੀ ਕੇਂਦਰ ਪੰਜਾਬ ਵਲੋ ਕੰਵਲਜੀਤ ਖੰਨਾ, ਹੀਰਾ ਲਾਲ, ਪੇੰਡੂ ਮਜਦੂਰ ਯੂਨੀਅਨ ਵਲੋਂ ਅਵਤਾਰ ਸਿੰਘ ਰਸੂਲਪੁਰ ਸਾਮਲ ਹੋਏlਇਸ ਸਮੇਂ ਸਭ ਤੋ ਪਹਿਲਾਂ ਉਘੇ ਟਰੇਡ ਯੂਨੀਅਨ ਆਗੂ ਅਵਤਾਰ ਸਿੰਘ ਗਿੱਲ ਦੇ ਵਿਛੋੜੇ ਤੇ ਦੁਖ ਪਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ।
ਇਸ ਸਮੇਂ ਆਪਸੀ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਕਿਉਂਕਿ ਦੂਨੀਆਂ ਭਰ 'ਚ ਸੱਜ ਪਿਛਾਖੜ ਮੁੜ ਉਭਰਣ ਦੀ ਕੋਸਿਸ 'ਚ ਹੈ, ਸਰਮਾਏਦਾਰ ਜਮਾਤ ਆਪਣੇ ਵਜੂਦ ਸਮੋਏ ਸੰਕਟ ਕਾਰਣ ਤਿੱਖੇ ਮਾਰੂ ਸੰਕਟ ਦੀ ਮਾਰ 'ਚੋ ਨਿਕਲਣ ਲਈ ਫਾਸੀਵਾਦੀ ਨੀਤੀਆਂ ਲਿਆ ਰਿਹਾ ਹੈ। ਭਾਰਤ 'ਚ ਵੀ ਪਿਛਲੇ ਦਸ ਸਾਲਾਂ ਚ ਭਾਜਪਾ ਦੀ ਕਾਰਪੋਰੇਟ ਪੱਖੀ ਹਕੂਮਤ ਨੇ ਜਮਹੂਰੀਅਤ ਅਤੇ ਸੰਘੀ ਢਾਂਚੇ ਨੂੰ ਬਿਲਕੁਲ ਪੈਰਾਂ ਹੇਠ ਮਧੋਲ ਦਿਤਾ ਹੈ। ਕਾਰਪੋਰੇਟ ਪੱਖੀ ਨੀਤੀਆਂ ਕਾਰਨ ਅਮੀਰ ਤੇ ਗਰੀਬ ਦਾ ਪਾੜਾ ਕਾਫੀ ਤਿੱਖਾ ਹੋ ਗਿਆ ਹੈ। ਮਹਿੰਗਾਈ, ਬੇਰੁਜਗਾਰੀ, ਠੇਕੇਦਾਰੀ ਸਿਸਟਮ ਦੇ ਸਤਾਏ ਲੋਕਾਂ ਦੀ ਅਵਾਜ ਦਬਾਉਣ ਲਈ ਧਰਮ ਆਧਾਰਿਤ ਰਾਜ ਪਰਬੰਧ ਸਥਾਪਤ ਕਰਨ ਲਈ ਭਾਜਪਾ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ।
ਦੇਸ ਦੇ ਲੋਕਾਂ ਦੇ ਹੱਕ ਹਕੂਕ ਖਤਮ ਕਰਨ ਲਈ ਦੇਸ ਦੀ ਹਕੂਮਤ ਤੇ ਕਬਜਾ ਕਰਨ ਲਈ18ਵੀਂ ਲੋਕ ਸਭਾ ਚੋਣਾਂ ਚ ਫਿਕਾਪਰਸਤ ਤੇ ਫਾਸੀਵਾਦੀ ਭਾਜਪਾ ਦੇਸ ਦੇ ਕਿਰਤੀ ਲੋਕਾਂ ਲਈ ਵੱਡਾ ਖਤਰਾ ਬਨਣ ਜਾ ਰਹੀ ਹੈl ਇਸ ਲਈ ਪਹਿਲੀ ਮਈ ਕਾਨਫਰੰਸ ਤੇ ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ ਬਚਾਓ ਦਾ ਨਾਰਾ ਪੂਰੇ ਜੋਰ ਨਾਲ ਗੂੰਜਾਇਆ ਜਾਵੇਗਾ। ਪਹਿਲੀ ਮਈ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਬੱਸ ਸਟੈੰਡ ਜਗਰਾਂਓ ਵਿਖੇ ਸਰਧਾਂਜਲੀ ਕਾਨਫਰੰਸ ਕਰਨ ਉਪਰੰਤ ਪੂਰੇ ਸਹਿਰ 'ਚ ਮੌਟਰ ਸਾਇਕਲਾਂ, ਸਕੂਟਰਾਂ ਤੇ ਮਾਰਚ ਕੀਤਾ ਜਾਵੇਗਾ। ਇਸ ਸਮੇਂ ਜਗਦੀਸ ਸਿੰਘ ਕਾਉਂਕੇ, ਅਵਤਾਰ ਸਿੰਘ ਗਗੜਾ ਆਦਿ ਆਗੂ ਹਾਜਰ ਸਨ।