ਰਿਸ਼ਤੇਦਾਰ-ਪਰਿਵਾਰਾਂ ਦੀ ਲੜਾਈ ਵਿੱਚ ਦੋਹਾਂ ਧਿਰਾਂ ਦੇ ਚਾਰ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2024 - ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਭਰੋ ਹਾਰਨੀ ਵਿੱਚ ਵਿਆਹੀ ਇੱਕ ਔਰਤ ਦੇ ਪੇਕੇ ਪਰਿਵਾਰ ਅਤੇ ਸਹੁਰਾ ਪਰਿਵਾਰ ਦਰਮਿਆਨ ਅੱਧੀ ਰਾਤ ਨੂੰ ਹੋਈ ਤਕਰਾਰ ਦੇ ਦੌਰਾਨ ਦੋਹਾਂ ਧਿਰਾਂ ਦੇ ਚਾਰ ਜਾਣੇ ਜ਼ਖਮੀ ਹੋਣ ਦੀ ਖਬਰ ਹੈ। ਜਖਮੀ ਕਮਿਊਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖੇ ਜੇਰੇ ਇਲਾਜ ਦਾਖਲ ਹਨ।
ਸੰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਰੋ ਹਾਰਨੀਆਂ ਨੇ ਦੱਸਿਆ ਕਿ ਉਸ ਦਾ 12 ਸਾਲ ਪਹਿਲਾਂ ਸੁਖਬੀਰ ਕੌਰ ਪੁੱਤਰੀ ਇੰਦਰਜੀਤ ਸਿੰਘ ਵਾਸੀ ਪਾਹੜਾ ਨਾਲ ਵਿਆਹ ਹੋਇਆ ਸੀ,ਉਸਦਾ 10 ਸਾਲ ਦਾ ਇੱਕ ਬੱਚਾ ਵੀ ਹੈ,ਪਰ ਬੀਤੇ ਕੁਝ ਚਿਰ ਤੋਂ ਉਸਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ।
ਸੰਦੀਪ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਉਹ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਘਰ ਆਏ ਅਤੇ ਗੇਟ ਖੜਕਾਉਣ ਲੱਗੇ।ਅਸੀਂ ਜਦੋਂ ਪੁਲਿਸ ਦੀ ਮੌਜੂਦਗੀ ਵੀ ਗੇਟ ਤੇ ਦੇਖੀ ਤਾਂ ਅਸੀਂ ਗੇਟ ਖੋਲ ਦਿੱਤਾ,ਇਸ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਗੁਰਦਾਸਪੁਰ ਵਿੱਚ ਨੌਕਰੀ ਕਰਦਾ ਮੇਰਾ ਸਾਲਾ ਮਨਦੀਪ ਸਿੰਘ,ਸਾਂਢੂ ਲਵ ਸਹੁਰਾ ਇੰਦਰਜੀਤ ਸਿੰਘ,ਮੇਰੀ ਸੱਸ ਜਗੀਰ ਕੌਰ,ਮੇਰੀ ਸਾਲੇਹਾਰ ਮਨਪ੍ਰੀਤ ਕੌਰ,ਚਾਚਾ ਪ੍ਰੀਤਮ ਸਿੰਘ,ਤਾਇਆ ਸੁਖਵਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸਾਡੇ ਘਰ ਪੁਲਿਸ ਨਾਲ ਜਬਰ ਪੁਲਿਸ ਦੇ ਨਾਲ ਵੀ ਜਬਰੀ ਦਾਖਲ ਹੋ ਗਏ ਅਤੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਸੰਦੀਪ ਸਿੰਘ ਨੇ ਦੱਸਿਆ ਕਿ ਇਸ ਲੜਾਈ ਝਗੜੇ ਦੌਰਾਨ ਅਸੀਂ ਪੂਰਾ ਪਰਿਵਾਰ ਗੰਭੀਰ ਚ ਜਖਮੀ ਹੋ ਗਏ।ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਇਸ ਬਾਰੇ ਸਾਡੇ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਨੂੰ ਪਤਾ ਲੱਗ ਗਿਆ ਤਾਂ ਉਹ ਵੀ ਮੌਕੇ ਤੇ ਪੁੱਜ ਕੇ ਲੜਾਈ ਝਗੜਾ ਛਡਾਉਣ ਲੱਗੇ।ਇਸ ਦੌਰਾਨ ਮੇਰੇ ਸਹੁਰਾ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਸਰਪੰਚ ਦੇ ਲੱਕ ਤੇ ਇੱਟ ਮਾਰ ਦਿੱਤੀ।ਸੰਦੀਪ ਸਿੰਘ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਪੁਲਿਸ ਨੇ ਮੇਰੇ ਸਹੁਰਾ ਪਰਿਵਾਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਝਗੜਾ ਨਾ ਕਰਨ,ਸਗੋਂ ਸਵੇਰੇ ਥਾਣੇ ਆਣ ਕੇ ਇਸ ਸਬੰਧੀ ਆਪਣਾ ਪੱਖ ਰੱਖਣ,ਪਰ ਉਨਾਂ ਨੇ ਪੁਲਿਸ ਦੀ ਇੱਕ ਵੀ ਨਾ ਮੰਨੀ।
ਦੂਜੇ ਪਾਸੇ ਇਸ ਸਬੰਧੀ ਕਮਿਊਨਿਟੀ ਹਾਲ ਸੈਂਟਰ ਕਾਹਨੂੰਵਾਨ ਵਿਖੇ ਜੇਰੇ ਇਲਾਜ ਸੰਦੀਪ ਸਿੰਘ ਦੇ ਸਹੁਰੇ ਪੱਖ ਤੋਂ ਤਾਇਆ ਸਲਵਿੰਦਰ ਸਿੰਘ ਅਤੇ ਸਹੁਰਾ ਇੰਦਰਜੀਤ ਸਿੰਘ ਨੇ ਦੱਸਿਆ ਤੇ ਸਾਡੀ ਲੜਕੀ ਸੁਖਮੀਤ ਕੌਰ ਨੇ ਸਾਨੂੰ ਫੋਨ ਤੇ ਦੱਸਿਆ ਕਿ ਮੇਰੇ ਸਹੁਰਾ ਪਰਿਵਾਰ ਮੇਰੇ ਨਾਲ ਲੜਾਈ ਝਗੜਾ ਕਰ ਰਹੇ ਹਨ ਅਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।ਸਹੁਰਾ ਪੱਖ ਅਨੁਸਾਰ ਸਾਡੀ ਲੜਕੀ ਸੁਖਮੀਤ ਕੌਰ ਨੇ ਸਾਨੂੰ ਫੋਨ ਕਰਨ ਤੋਂ ਇਲਾਵਾ 112 ਨੰਬਰ ਤੇ ਵੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਗਈ ਸੀ।ਜਦੋਂ ਅਸੀਂ ਆਪਣੀ ਲੜਕੀ ਦੇ ਸਹੁਰਾ ਘਰ ਆਪਣੀ ਲੜਕੀ ਅਤੇ ਉਸਦੇ ਬੇਟੇ ਨੂੰ ਲੈਣ ਪੁੱਜੇ ਤਾਂ ਉਸ ਸਮੇਂ ਪੁਲਿਸ ਵੀ ਸਾਡੇ ਨਾਲ ਉਹਨਾਂ ਦੇ ਗੇਟ ਕੋਲ ਪੁੱਜ ਗਈ ਸੀ। ਉਨਾ ਇਹ ਵੀ ਦੋਸ਼ ਲਗਾਇਆ ਕਿ ਸੁਖਮਨੀਤ ਕੌਰ ਸਹੁਰਾ ਪਰਿਵਾਰ ਵਾਲੇ ਘਰ ਵਿੱਚ ਕੋਈ ਵੀ ਰਾਸ਼ਨ ਸਮੱਗਰੀ ਨਹੀਂ ਲਿਆ ਰਹੇ ਸੀ ਜਿਸ ਕਾਰਨ ਉਹਨਾਂ ਦੀ ਲੜਕੀ ਅਤੇ ਉਸ ਦਾ 10 ਸਾਲ ਦਾ ਬੇਟਾ ਹਰਸਿਮਰਨ ਸਿੰਘ ਕਈ ਵਾਰ ਭੁੱਖੇ ਪਿਆਸੇ ਹੀ ਸੌ ਜਾਂਦੇ ਸਨ।
ਇਸ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਦੇ ਮੁਖੀ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਝਗੜੇ ਵਿੱਚ ਦੋਹਾਂ ਧਿਰਾਂ ਦੇ ਦੋ ਦੋ ਵਿਅਕਤੀਆਂ ਦੇ ਜ਼ਖਮੀਆਂ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਫਿਲਹਾਲ ਪੁਲਿਸ ਨੂੰ ਸਿਰਫ ਲੜਕੀ ਵਾਲਿਆਂ ਦੀ ਹੀ ਸ਼ਿਕਾਇਤ ਮਿਲੀ ਹੈ ਅਤੇ ਇਸੇ ਸ਼ਿਕਾਇਤ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਦੂਜਾ ਧਿਰ ਵੀ ਕੋਈ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਜਖਮੀ ਵਿਅਕਤੀਆਂ ਦੀ ਐਮਐਲਆਰ ਆਉਣ ਤੋਂ ਬਾਅਦ ਦੂਜੇ ਧਿਰ ਦੇ ਵੀ ਬਿਆਨ ਦਰਜ ਕੀਤੇ ਜਾਣਗੇ ਅਤੇ ਤਫਤੀਸ਼ ਕਰਨ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।