ਏਟੀਐਮ ਬਦਲ ਕੇ ਲੱਖ ਤੋਂ ਵੱਧ ਰੁਪਏ ਕਢਵਾਏ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਮਈ 2024: ਸੈਣੀ ਮਾਰਕਿਟ ਨੇੜੇ ਬਣੇ ਏਟੀਐਮ ਬੂਥ ਵਿੱਚੋਂ ਪੈਸੇ ਕਢਵਾਉਣ ਗਏ ਇੱਕ ਵਿਅਕਤੀ ਦਾ ਕਾਰਡ ਬਦਲ ਕੇ ਕਥਿਤ ਇੱਕ ਠੱਗ ਵਿਅਕਤੀ ਵੱਲੋਂ ਪੈਸੇ ਕਢਵਾ ਲਏ ਹਨ, ਜਿਸ ਸਬੰਧੀ ਪੀੜਤ ਵਿਅਕਤੀ ਬਲਬੀਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਸਰਦਾਰਪੁਰਾ ਕਾਲੋਨੀ ਲਾਲੜੂ ਨੇ ਐਸਐਸਪੀ ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਖਾਤਾ ਲਾਲੜੂ ਦੇ ਇੱਕ ਸਰਕਾਰੀ ਬੈਂਕ ਵਿੱਚ ਚਲ ਰਿਹਾ ਹੈ ਅਤੇ ਉਹ ਬੀਤੀ 21 ਅਪ੍ਰੈਲ ਨੂੰ ਆਪਣਾ ਏਟੀਐਮ ਕਾਰਡ ਲੈ ਕੇ ਸੈਣੀ ਮਾਰਕਿਟ ਨੇੜੇ ਬੈਂਕ ਦੇ ਇੱਕ ਏਟੀਐਮ ਬੂਥ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ, ਜਿਥੇ ਪਹਿਲਾਂ ਹੀ ਇੱਕ ਵਿਅਕਤੀ ਮੌਜੂਦ ਸੀ ਅਤੇ ਉਸ ਨੇ ਆਪਣਾ ਕਾਰਡ ਉਸ ਵਿਅਕਤੀ ਨੂੰ ਮਸੀਨ ਵਿੱਚ ਪਾਉਣ ਲਈ ਕਿਹਾ ਤੇ ਜਦੋਂ ਉਸ ਨੇ ਕਾਰਡ ਮਸ਼ੀਨ ਵਿੱਚ ਪਾਇਆ ਤੇ ਕਹਿਣਾ ਲੱਗਾ ਆਪਣਾ ਪਿੰਨ ਪਾ ਦਿਓ, ਜਦੋਂ ਉਸ ਨੇ ਪਿੰਨ ਭਰਿਆ ਤਾਂ ਏਟੀਐਮ ਵਿੱਚ ਸਾਈਰਨ ਵੱਜਿਆ ਅਤੇ ਉਥੇ ਮੌਜੂਦ ਵਿਅਕਤੀ ਨੇ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬਾਹਰ ਜਾਣ ਲਈ ਕਿਹਾ ਤੇ ਉਹ ਉਸ ਕੋਲੋਂ ਆਪਣਾ ਕਾਰਡ ਲੈ ਕੇ ਬਿਨ੍ਹਾਂ ਪੈਸੇ ਕਢਵਾਏ ਹੀ ਬਾਹਰ ਆ ਗਏ, ਜਦੋਂ ਉਨ੍ਹਾਂ ਨੇ ਘਰ ਜਾ ਕੇ ਏਟੀਐਮ ਕਾਰਡ ਦੇਖਿਆ ਤਾਂ ਉਸ ਉੱਤੇ ਉਸ ਦਾ ਨਾਂਅ ਹੀ ਨਹੀਂ ਸੀ, ਕਿਉਂਕਿ ਉਥੇ ਮੌਜੂਦ ਵਿਅਕਤੀ ਨੇ ਉਸ ਦਾ ਕਾਰਡ ਬਦਲ ਲਿਆ ਸੀ। ਉਸ ਨੇ ਦੱਸਿਆ ਕਿ ਜਦੋਂ ਤੱਕ ਉਸ ਨੇ ਆਪਣਾ ਕਾਰਡ ਬੰਦ ਕਰਵਾਇਆ ਤਾਂ ਉਦੋਂ ਤੱਕ ਉਸ ਠੱਗ ਵਿਅਕਤੀ ਨੇ ਉਸ ਦੇ ਖਾਤੇ ਵਿੱਚੋਂ 1 ਲੱਖ 2 ਹਜਾਰ 500 ਰੁਪਏ ਕਢਵਾ ਲਏ ਸਨ। ਉਸ ਨੇ ਐਸਐਸਪੀ ਮੋਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਏਟੀਐਮ ਬੂਥ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਸ ਦੇ ਪੈਸੇ ਵਾਪਸ ਦਿਵਾਉਣ ਦੀ ਵੀ ਮੰਗ ਕੀਤੀ ਹੈ।