ਥੈਲੇਸੀਮੀਆ ਰੋਗ ਨਾਲ਼ ਸਰੀਰਕ ਵਿਕਾਸ ਵਿੱਚ ਆਉਂਦੀ ਹੈ ਸਮੱਸਿਆ - ਗਗਨਦੀਪ ਕੌਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 08 ਮਈ,2024 - ਡਾ.ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਪੀ. ਐਚ. ਸੀ. ਕੀਰਤਪੁਰ ਸਾਹਿਬ ਦੇ ਸੈਕਟਰ-2 ਅਧੀਨ ਪਿੰਡ ਮਹੈਣ ਵਿਖੇ ਮਮਤਾ ਦਿਵਸ ਮੌਕੇ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ।
ਇਸ ਮੌਕੇ ਕਮਿਊਨਿਟੀ ਹੈਲਥ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਜਿਨਸੀ ਰੋਗ਼ ਹੈ। ਇਸ ਬਿਮਾਰੀ ਕਾਰਨ ਸਰੀਰ ਵਿੱਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਗੰਭੀਰ ਕੇਸਾਂ ਵਿੱਚ ਇਹ ਸ਼ਕਤੀ ਲਗਭਗ ਖਤਮ ਹੋ ਜਾਂਦੀ ਹੈ। ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਬਿਮਾਰੀ ਨਾਲ਼ ਸ਼ਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ ਹੁੰਦੀ ਹੈ, ਪਿਸ਼ਾਬ ਦਾ ਰੰਗ ਗਾੜ੍ਹਾ ਹੁੰਦਾ ਹੈ, ਵਿਅਕਤੀ ਨੂੰ ਸ਼ਰੀਰ ਵਿੱਚ ਕਮਜੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
ਚਮੜੀ ਦਾ ਰੰਗ ਪੀਲ਼ਾ ਹੋ ਜਾਂਦਾ ਹੈ। ਚਿਹਰੇ ਦੀ ਬਣਾਵਟ ਵਿੱਚ ਬਦਲਾਓ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਗਰ ਤੇ ਤਿੱਲੀ ਦਾ ਸਾਈਜ਼ ਵੱਧ ਜਾਂਦਾ ਹੈ। ਥੈਲੇਸੀਮੀਆ ਦੇ ਇਲਾਜ਼ ਵਿੱਚ ਮਰੀਜ਼ ਨੂੰ ਹਰ 15 ਤੋਂ 20 ਦਿਨਾਂ ਬਾਅਦ ਸਾਰੀ ਉਮਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ। ਇਸ ਦੀ ਜਾਂਚ ਲਈ ਐਚ.ਪੀ.ਐਲ.ਸੀ. ਮਸ਼ੀਨ ਰਾਹੀਂ ਖੂਨ ਦਾ ਟੈਸਟ ਰਾਜ ਦੇ 3 ਸਰਕਾਰੀ ਮੈਡੀਕਲ ਕਾਲਜ਼, ਅਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟਦ ਦੇ ਨਾਲ਼ ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ਼ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ।
ਇਸ ਮੌਕੇ ਐਲ. ਐਚ. ਵੀ ਕੁਲਵਿੰਦਰ ਕੌਰ ਨੇ ਥੈਲੇਸੀਮੀਆ ਦੇ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲ਼ੀ ਪੀੜ੍ਹੀ ਨੂੰ ਬਚਾਉਣ ਲਈ ਥੈਲੇਸੀਮੀਆ ਦਾ ਟੈਸਟ ਗਰਭਵਤੀ ਔਰਤਾਂ, ਖਾਸ ਤੌਰ ਤੇ ਪਹਿਲੀ ਤਿਮਾਹੀ ਵਿੱਚ, ਵਿਆਹਯੋਗ ਤੇ ਵਿਆਹੇ ਜੋੜੇ ਅਤੇ ਅਨੀਮੀਆ ਦਾ ਇਲਾਜ ਕਰਨ ਦੇ ਬਾਵਜੂਦ ਖੂਨ ਦੀ ਮਾਤਰਾ ਨਾ ਵੱਧਦੀ ਹੋਵੇ ਨੂੰ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲ੍ਹੋਂ ਮੁਫਤ ਖੂਨ ਮੁਹੱਇਆ ਕਰਵਾਇਆ ਜਾਂਦਾ ਹੈ।
ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ ਅਧੀਨ ਆਂਗਨਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਖੂਨ ਦੇ ਸਾਲਾਨਾ ਟੈਸਟ ਤੇ ਇਲਾਜ਼ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਕੁਲਵੰਤ ਕੌਰ, ਅਮਿਤ ਕੁਮਾਰ, ਹਰਜਿੰਦਰ ਕੌਰ, ਜਸਵਿੰਦਰ ਕੌਰ ਤੇ ਪਤਵੰਤੇ ਹਾਜ਼ਰ ਸਨ।